ਲਖਵਿੰਦਰ ਸਿੰਘ
ਮਲੋਟ, 13 ਫਰਵਰੀ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਮਲੋਟ ਦੇ ਨਜ਼ਦੀਕੀ ਪਿੰਡ ਛਾਪਿਆਂਵਾਲੀ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਕੋਈ ਸਰੋਕਾਰ ਨਹੀਂ। ਉਹ ਸੇਵਾ ਦੀ ਜਗ੍ਹਾ ਰਾਜ ਕਰਨ ਲਈ ਸੱਤਾ ਵਿੱਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ। ਲੋਕਾਂ ਨੇ ਭਰੋਸਾ ਕਰ ਕੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾ ਦਿੱਤਾ ਪਰ ਉਸ ਤੋਂ ਬਾਅਦ ਜੋ ਨਤੀਜੇ ਨਿਕਲੇ, ਅੱਜ ਸਭ ਦੇ ਸਾਹਮਣੇ ਹਨ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਸ਼ੇ ਅਤੇ ਮਹਿੰਗਾਈ ਅਸਮਾਨ ਛੂਹਣ ਲੱਗੀ ਹੈ। ਲੋਕਾਂ ਸਿਰ ਕਰਜ਼ਿਆਂ ਦਾ ਭਾਰ ਹੋਰ ਵਧ ਗਿਆ ਹੈ। ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ।
ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਪਿੰਡਾਂ ਅਤੇ ਕਿਸਾਨੀ ਬਾਰੇ ਸਮਝ ਹੀ ਨਹੀਂ ਤਾਂ ਉਹ ਇੱਥੋਂ ਦੇ ਲੋਕਾਂ ਦਾ ਭਲਾ ਕਿਵੇਂ ਕਰਨਗੇ। ਕੇਜਰੀਵਾਲ ਦਿੱਲੀ ਜਾ ਕੇ ਹੋਰ ਅਤੇ ਪੰਜਾਬ ਆ ਕੇ ਹੋਰ ਗੱਲਾਂ ਕਰਦੇ ਹਨ। ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਚੋਣ ਲੜਨ ਦਾ ਇਰਾਦਾ ਤਾਂ ਨਹੀਂ ਸੀ ਪਰ ਪਾਰਟੀ ਦੇ ਹੁਕਮਾਂ ਤੋਂ ਇਨਕਾਰੀ ਨਹੀਂ ਹੋ ਸਕਦੇ।
ਉਨ੍ਹਾਂ ਪਾਰਟੀ ਦੇ ਹੁਕਮ ਨੂੰ ਹਮੇਸ਼ਾ ਸਭ ਤੋਂ ਉਪਰ ਮੰਨਿਆ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੰਬੀ ਹਲਕੇ ਦੇ ਲੋਕ ਉਨ੍ਹਾਂ ਨੂੰ ਜ਼ਰੂਰ ਜਿਤਾਉਣਗੇ। ਇਸ ਮੌਕੇ ਓਐੱਸਡੀ ਗੁਰਚਰਨ ਸਿੰਘ ਸੰਧੂ, ਪਰਮਿੰਦਰ ਸਿੰਘ ਕੋਲਿਆਂਵਾਲੀ, ਚੇਅਰਮੈਨ ਬਸੰਤ ਸਿੰਘ ਕੰਗ, ਕੁਲਵਿੰਦਰ ਸਿੰਘ, ਦੀਪ ਸੰਧੂ, ਮਨਦੀਪ ਸੇਖੋਂ, ਜਸਵਿੰਦਰ ਸਿੰਘ ਜੱਸਾ ਕੰਗ , ਸਰਪੰਚ ਸੁਖਪਾਲ ਸਿੰਘ ਤੇ ਹੋਰ ਆਗੂ ਹਾਜ਼ਰ ਸਨ।
ਆਖਰੀ ਸਾਹਾਂ ਤੱਕ ਪੰਜਾਬ ਦੀ ਸੇਵਾ ਕਰਨ ਦੀ ਇੱਛਾ ਜਤਾਈ
ਲੰਬੀ (ਇਕਬਾਲ ਸਿੰਘ ਸ਼ਾਂਤ): ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਕ ਚੋਣ ਜਲਸੇ ਦੌਰਾਨ ਕਿਹਾ ਕਿ ਉਹ ਆਖਰੀ ਸਾਹ ਤੱਕ ਹਲਕਾ ਲੰਬੀ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਬਾਦਲ ਦੇ ਇਨ੍ਹਾਂ ਕਥਨਾਂ ’ਚੋਂ ਸੂਬੇ ਵਿਚ ਅਕਾਲੀ-ਬਸਪਾ ਸਰਕਾਰ ਆਉਣ ’ਤੇ ਪੰਜਾਬ ਦਾ ਆਗਾਮੀ ਮੁੱਖ ਮੰਤਰੀ ਬਣਨ ਦੀਆਂ ਸੰਭਾਵਨਾਂ ਝਲਕਦੀਆਂ ਹਨ। ਭਾਵੇਂ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ ਪਰ ਪੰਜਾਬ ਦਾ ਵੱਡਾ ਵਰਗ 94-95 ਸਾਲ ਦੀ ਉਮਰ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਸੂਬੇ ਦਾ ਮੁੱਖ ਮੰਤਰੀ ਵੇਖਣਾ ਚਾਹੁੰਦਾ ਹੈ। ਬਾਦਲ ਦੇ ਇਸ ਬਿਆਨ ਨੇ ਉਨ੍ਹਾਂ ਦੀ ਵਢੇਰੀ ਉਮਰ ’ਤੇ ਸਿਆਸੀ ਤਨਜ਼ ਕੱਸਣ ਵਾਲੇ ਵਿਰੋਧੀਆਂ ਦੇ ਮੂੰਹ ਇੱਕ ਵਾਰ ਬੰਦ ਕਰ ਦਿੱਤੇ ਹਨ।