ਕੇ.ਪੀ ਸਿੰਘ
ਗੁਰਦਾਸਪੁਰ, 24 ਅਗਸਤ
ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਦੇ ਪੋਰਟਲ ਉੱਤੇ ਬੋਰਡ ਵੱਲੋਂ ਜਲਦਬਾਜ਼ੀ ਕਰਦਿਆਂ ਜਮਾਂ ਦੋ ਦੇ ਵਿਦਿਆਰਥੀਆਂ ਦੇ ਪੁਰਾਣੇ ਸੈਸ਼ਨਾਂ ਅਨੁਸਾਰ ਕੁੱਲ ਅੰਕ ਵਾਲੇ ਡਿਟੇਲਜ਼ ਮਾਰਕਸ ਸਰਟੀਫਿਕੇਟ ਅੱਪਲੋਡ ਕਰ ਦਿੱਤੇ ਗਏ ਜਿਸ ਨਾਲ ਕਾਫ਼ੀ ਦੇਰ ਭੰਬਲਭੂਸੇ ਵਾਲੀ ਸਥਿਤੀ ਬਣੀ ਰਹੀ। ਇਸ ਤੋਂ ਬਾਅਦ ਗ਼ਲਤੀ ਦਾ ਅਹਿਸਾਸ ਹੁੰਦਿਆਂ ਹੀ ਬੋਰਡ ਵੱਲੋਂ ਕੁਝ ਹੀ ਦੇਰ ਬਾਅਦ ਇਹ ਸਰਟੀਫਿਕੇਟ ਸਬੰਧਤ ਸਕੂਲ ਆਈਡੀਆਂ ਤੋਂ ਹਟਾ ਲਏ ਗਏ। ਬੋਰਡ ਦੀ ਇਸ ਕਥਿਤ ਲਾਪ੍ਰਵਾਹੀ ਕਾਰਨ ਹਜ਼ਾਰਾਂ ਉਹ ਨੌਜਵਾਨ ਨਿਰਾਸ਼ ਹੋਏ ਜਿਨ੍ਹਾਂ ਨੇ ਡਿਟੇਲਜ਼ ਮਾਰਕਸ ਦੇ ਸਰਟੀਫਿਕੇਟ ਪੁਲੀਸ ਦੀ ਭਰਤੀ ਲਈ ਜਮ੍ਹਾਂ ਕਰਵਾਉਣੇ ਸਨ। ਅਜਿਹੇ ਨੌਜਵਾਨ ਸਮੇਂ ਸਿਰ ਆਪਣੇ ਡਿਟੇਲਜ਼ ਮਾਰਕਸ ਸਰਟੀਫਿਕੇਟ ਲੈਣ ਤੋਂ ਵਾਂਝੇ ਹੋ ਗਏ ਕਿਉਂਕਿ ਪੁਲੀਸ ਭਰਤੀ ਲਈ ਆਖ਼ਰੀ ਤਾਰੀਖ਼ 22 ਅਗਸਤ ਨਿਰਧਾਰਿਤ ਸੀ।
ਇੱਕ ਵਿਦਿਆਰਥਣ ਦਾ ਡਿਟੇਲਜ਼ ਮਾਰਕਸ ਵੇਖਣ ’ਤੇ ਪਤਾ ਲੱਗਾ ਕਿ ਕੁੱਲ ਅੰਕ 450 ਵਿੱਚੋਂ ਉਸ ਨੇ 485 ਅੰਕ ਹਾਸਲ ਕੀਤੇ ਹਨ। ਬੋਰਡ ਨੂੰ ਇਸ ਗ਼ਲਤੀ ਦਾ ਅਹਿਸਾਸ ਹੋਇਆ ਤਾਂ ਕੁਝ ਹੀ ਦੇਰ ਮਗਰੋਂ ਇਹ ਸਰਟੀਫਿਕੇਟ ਹਟਾ ਲਏ ਗਏ। ਬਾਅਦ ਵਿੱਚ ਸਕੂਲਾਂ ਦੇ ਪੋਰਟਲਾਂ ਤੇ ਵਿਦਿਆਰਥੀਆਂ ਦੇ ਨਾਵਾਂ ਅੱਗੇ ਇਹ ਪੜ੍ਹਨ ਨੂੰ ਮਿਲਿਆ ਕਿ ਸਰਟੀਫਿਕੇਟ ਜਲਦ ਹੀ ਉਪਲਬਧ ਹੋਣਗੇ। ਇਸ ਦੌਰਾਨ ਕੁਝ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਇਹ ਸਰਟੀਫਿਕੇਟ ਡਾਊਨਲੋਡ ਵੀ ਕਰ ਲਏ ਗਏ ਸਨ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਮੰਗ ਹੈ ਕਿ ਭਵਿੱਖ ਵਿੱਚ ਬੋਰਡ ਵੱਲੋਂ ਅਜਿਹੀ ਗਲਤੀ ਨਾ ਕੀਤੀ ਜਾਵੇ ਤਾਂ ਕਿ ਉਨ੍ਹਾਂ ਨੂੰ ਖੱਜਲ-ਖੁਆਰੀ ਨਾ ਸਹਿਣੀ ਪਏ।
ਕੁੱਲ ਅੰਕ 500 ਦੀ ਥਾਂ 450 ਹੀ ਦਿਖਾਏ
ਸਿੱਖਿਆ ਬੋਰਡ ਵੱਲੋਂ ਪਹਿਲਾਂ ਜਮਾਂ ਦੋ ਦੇ ਵਿਦਿਆਰਥੀਆਂ ਲਈ ਕੁੱਲ ਅੰਕ 450 ਹੁੰਦੇ ਸਨ। ਬੀਤੇ ਸੈਸ਼ਨ ਤੋਂ ਅੰਗਰੇਜ਼ੀ ਅਤੇ ਪੰਜਾਬੀ ਵਿਸ਼ਿਆਂ ਦੇ ਅੰਕ 50 ਤੋਂ ਵਧਾ ਕੇ 75-75 ਕਰ ਦਿੱਤੇ ਗਏ ਸਨ। ਇਸ ਨਾਲ ਕੁੱਲ ਅੰਕ 450 ਦੀ ਬਜਾਏ 500 ਹੋ ਗਏ। ਬੋਰਡ ਵੱਲੋਂ 22 ਅਗਸਤ ਨੂੰ ਸ਼ਾਮ ਪੰਜ ਵਜੇ ਸਬੰਧਤ ਸਕੂਲਾਂ ਦੇ ਪੋਰਟਲ ਤੇ ਡਿਟੇਲਜ਼ ਮਾਰਕਸ ਸਰਟੀਫਿਕੇਟ ਤਾਂ ਅੱਪਲੋਡ ਕਰ ਦਿੱਤੇ ਗਏ ਪਰ ਇਨ੍ਹਾਂ ਵਿੱਚ ਕੁਲ ਅੰਕ 450 ਹੀ ਦਿਖਾਏ ਗਏ। ਕਈ ਵਿਦਿਆਰਥੀ ਜਿਨ੍ਹਾਂ ਦੇ ਅੰਕ 500 ਵਿੱਚੋਂ 450 ਤੋਂ ਉੱਪਰ ਸਨ, ਉਨ੍ਹਾਂ ਦੇ ਸਰਟੀਫਿਕੇਟ ਬੜੀ ਹਾਸੋਹੀਣੀ ਸਥਿਤੀ ਬਿਆਨ ਕਰ ਰਹੇ ਸਨ। ਇਸੇ ਦੌਰਾਨ ਗੁਰਦਾਸਪੁਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਰਪਾਲ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਡਿਟੇਲਜ਼ ਮਾਰਕਸ ਸਰਟੀਫਿਕੇਟ ਇੱਕ-ਦੋ ਦਿਨ ਵਿੱਚ ਅੱਪਲੋਡ ਹੋ ਜਾਣ ਦੀ ਉਮੀਦ ਹੈ।