ਜਸਬੀਰ ਸਿੰਘ ਚਾਨਾ
ਫਗਵਾੜਾ, 13 ਫਰਵਰੀ
ਇਥੇ ਭਾਜਪਾ ਦੇ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਤੇ ਭੋਜਪੁਰੀ ਕਲਾਕਾਰ ਮਨੋਜ ਤਿਵਾੜੀ ਨੇ ਅੱਜ ਪਾਰਟੀ ਦੇ ਹੱਕ ’ਚ ਕਰਵਾਈ ਰੈਲੀ ਨੂੰ ਸੰਬੋੋਧਨ ਕੀਤਾ। ਉਨ੍ਹਾਂ ਕਿਹਾ, ‘‘ਪੰਜਾਬ ਵਿਧਾਨ ਸਭਾ ਚੋਣਾਂ ’ਚ ਭਾਜਪਾ ਪੂਰੇ ਬਹੁਮੱਤ ਨਾਲ ਆਪਣੀ ਸਰਕਾਰ ਬਣਾਏਗੀ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਦਾ ਆਪਸੀ ਕਲੇਸ਼ ਹੀ ਕਾਂਗਰਸ ਦੀ ਬੇੜੀ ਨੂੰ ਲੈ ਡੁੱਬੇਗਾ।’’
ਇਥੋਂ ਦੇ ਮੁਹੱਲਾ ਉਂਕਾਰ ਨਗਰ ਵਿੱਚ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਦੇ ਹੱਕ ’ਚ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਨੋਜ ਤਿਵਾੜੀ ਤੇ ਗਰੇਟ ਖਲੀ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਨੇ ਜੋ ਭ੍ਰਿਸ਼ਟਾਚਾਰ ਕੀਤਾ ਹੈ ਉਹ ਕਿਸੇ ਤੋਂ ਛੁਪਿਆ ਨਹੀਂ ਹੈ। ਉਨ੍ਹਾਂ ਕੇਜਰੀਵਾਲ ’ਤੇ ਹਮਲਾ ਕਰਦਿਆਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਸਿਆਸੀ ਆਗੂਆਂ ’ਤੇ ਹੋਈ ਈਡੀ ਦੀ ਰੇਡ ਦੇ ਮਾਮਲੇ ਸਬੰਧੀ ਉਨ੍ਹਾਂ ਕਿਹਾ ਕਿ ਜਿੱਥੇ ਕੁਝ ਗਲਤ ਹੁੰਦਾ ਹੈ, ਉੱਥੇ ਹੀ ਈਡੀ ਦੀ ਰੇਡ ਹੁੰਦੀ ਹੈ। ਗਰੇਟ ਖਲੀ ਨੇ ਕਿਹਾ ਕਿ ਸ੍ਰੀ ਸਾਂਪਲਾ ਦੀ ਜਿੱਤ ਮਗਰੋਂ ਉਹ ਰੈਸਲਿੰਗ ਦਾ ਅਖਾੜਾ ਮੁਫ਼ਤ ’ਚ ਕਰਵਾਉਣਗੇ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਇਥੇ ਮਨੋਜ ਤਿਵਾੜੀ ਵੱਲੋਂ ਜੇਸੀਟੀ ਮਿੱਲ ਦੇ ਬਾਹਰ ਚੌਹਾਲ ਪਿੰਡ ਵਿੱਚ ਰੈਲੀ ਨੂੰ ਸੰਬੋਧਨ ਕੀਤਾ ਗਿਆ। ਆਪਣੇ ਠੇਠ ਭੋਜਪੁਰੀ ਲਹਿਜੇ ਵਿੱਚ ਪਰਵਾਸੀਆਂ ਦੇ ਰੂ-ਬ-ਰੂ ਹੁੰਦਿਆਂ ਉਨ੍ਹਾਂ ਭਾਜਪਾ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਾਂਗਰਸ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ। ਪਰਵਾਸੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਮਨੋਜ ਤਿਵਾੜੀ ਨੇ ਭੋਜਪੁਰੀ ਗੀਤ ਵੀ ਗਾਏ ਤੇ ਉਨ੍ਹਾਂ ਨਾਲ ਸੈਲਫ਼ੀਆਂ ਵੀ ਖਿਚਵਾਈਆਂ। ਇਸੇ ਤਰ੍ਹਾਂ ਮਨੋਜ ਤਿਵਾੜੀ ਦੀ ਆਮਦ ’ਤੇ ਭੀੜ ਦਾ ਲਾਹਾ ਲੈਂਦਿਆਂ ਇਕ ਗੁਪਤ ਦਾਨਵੀਰ ਨੇ ਰੈਲੀ ਵਾਲੇ ਸਥਾਨ ਦੇ ਬਾਹਰ ਗਰਮ ਸਵੈਟਰਾਂ ਮੁਫ਼ਤ ਵੰਡੀਆਂ।
ਅੰਮ੍ਰਿਤਸਰ ਵਿੱਚ ਟੀ-ਸਟਾਲ ’ਤੇ ਪੀਤੀ ਚਾਹ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਇਥੇ ਪੁੱਜੇ ਮਨੋਜ ਤਿਵਾੜੀ ਨੇ ਅੱਜ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਹੋਰਨਾਂ ਦੇ ਨਾਲ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਹੈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਪੂਰੀ ਤਰ੍ਹਾਂ ਅਸਫ਼ਲ ਹੈ ਅਤੇ ਇਸ ਦਾ ਪੰਜਾਬ ਨੂੰ ਕੋਈ ਲਾਭ ਨਹੀਂ ਹੋਵੇਗਾ। ਪੰਜਾਬ ਵਿਚ ਚੋਣ ਪ੍ਰਚਾਰ ਲਈ ਆਏ ਸ੍ਰੀ ਤਿਵਾੜੀ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਭਾਜਪਾ ਆਗੂ ਤਰੁਣ ਚੁਘ ਤੇ ਹੋਰਨਾਂ ਨੇ ਇਥੇ ਗਿਆਨੀ ਟੀ-ਸਟਾਲ ’ਤੇ ਬੈਠ ਕੇ ਚਾਹ ਪੀਤੀ ਅਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ।