ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਗਸਤ
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ‘ਕਾਰਵਾਂ’ ਦੇ ਦੋ ਪੱਤਰਕਾਰਾਂ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਦੀ ਪ੍ਰਧਾਨਗੀ ਹੇਠ ਅੱਜ ਮੀਟਿੰਗ ਹੋਈ। ਇਸ ਮੌਕੇ ਪੱਤਰਕਾਰਾਂ ਨੇ ਇਸ ਗੱਲ ’ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੇ ਕੁਝ ਅਰਸੇ ਤੋਂ ਦੇਸ਼ ਵਿੱਚ ਪੱਤਰਕਾਰਾਂ ਤੇ ਲੇਖਕਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਪ੍ਰਭਜੀਤ ਸਿੰਘ ਅਤੇ ਸ਼ਾਹਿਦ ਤਾਂਤਰੇ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਉੱਤਰ ਪੂਰਬੀ ਦਿੱਲੀ ਦੀ ਹਿੰਦੂ ਮੁਸਲਿਮ ਹਿੰਸਾ ਦੀ ਕਵਰੇਜ ਕਰਨ ਗਏ ਸਨ। ਇਸ ਮੌਕੇ ਇਕ ਵਿਸ਼ੇਸ਼ ਫਿਰਕੇ ਨਾਲ ਸਬੰਧਤ ਲੋਕਾਂ ਨੇ ਪੱਤਰਕਾਰਾਂ ਨਾਲ ਖਿੱਚਧੂਹ ਕੀਤੀ। ਇਹ ਹਮਲਾਵਰ ਉਸ ਸਮੇਂ ਹੋਰ ਭੜਕ ਗਏ ਜਦੋਂ ਸ਼ਾਹਿਦ ਤਾਂਤਰੇ ਨੇ ਪੱਤਰਕਾਰ ਹੋਣ ਸਬੰਧੀ ਆਪਣਾ ਸ਼ਨਾਖਤੀ ਕਾਰਡ ਦਿਖਾ ਦਿੱਤਾ। ਪੱਤਰਕਾਰਾਂ ਨੇ ਇਸ ਗੱਲ ’ਤੇ ਵੀ ਰੋਸ ਪ੍ਰਗਟ ਕੀਤਾ ਕਿ ਹਮਲਾਵਰਾਂ ਨੇ ਪੱਤਰਕਾਰਾਂ ਨੂੰ ਧਮਕੀ ਦਿੱਤੀ ਕਿ ਉਹ ਇੱਕ ਵਿਸ਼ੇਸ਼ ਪਾਰਟੀ ਨਾਲ ਸਬੰਧਿਤ ਹਨ ਤੇ ਉਹ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੇ। ਯੂਨੀਅਨ ਨੇ ਦਿੱਲੀ ਪੁਲੀਸ, ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੱਤਰਕਾਰ ਪ੍ਰਭਜੀਤ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਯੂਨੀਅਨ ਨੇ ਕਰੋਨਾਵਾਇਰਸ ਦਾ ਸ਼ਿਕਾਰ ਹੋਣ ਤੇ ਮੌਤ ਦੇ ਮੂੰਹ ਵਿੱਚ ਗਏ ਪੱਤਰਕਾਰਾਂ ਦੇ ਪਰਿਵਾਰਾਂ ਨੂੰ ਕੇਂਦਰ ਸਰਕਾਰ ਅਤੇ ਸਬੰਧਤ ਸੂਬਿਆਂ ਦੀਆਂ ਸਰਕਾਰਾਂ ਤੋਂ ਪੰਜਾਹ ਲੱਖ ਰੁਪਏ ਦੀ ਆਰਥਿਕ ਮੱਦਦ ਕਰਨ ਅਤੇ ਪੱਤਰਕਾਰ ਸੁਰੱਖਿਆ ਐਕਟ ਬਣਾਉਣ ਦੀ ਮੰਗ ਕੀਤੀ ਤਾਂ ਜੋ ਪੱਤਰਕਾਰ ਬਿਨਾਂ ਖੌਫ਼ ਆਪਣਾ ਕੰਮ ਕਰ ਸਕਣ। ਇਸ ਮੌਕੇ ਜੈ ਸਿੰਘ ਛਿੱਬਰ, ਜਗਤਾਰ ਭੁੱਲਰ, ਸੰਤੋਸ਼ ਗੁਪਤਾ, ਬਿੰਦੂ ਸਿੰਘ ਅਤੇ ਆਰ ਐਸ ਲਬਿਰੇਟ ਹਾਜ਼ਰ ਸਨ।