ਪੱਤਰ ਪ੍ਰੇਰਕ
ਮਾਨਸਾ, 7 ਜੁਲਾਈ
ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਇੱਕ ਕੈਦੀ ਨੂੰ ਜ਼ਖ਼ਮੀ ਹਾਲਤ ਵਿੱਚ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਉਸ ਦੀ ਹਾਲਤ ਸਥਿਰ ਹੈ ਤੇ ਪੁਲੀਸ ਵੱਲੋਂ ਉਸ ’ਤੇ ਪਹਿਰੇਦਾਰੀ ਕਾਇਮ ਕਰ ਦਿੱਤੀ ਗਈ ਹੈ। ਜੇਲ੍ਹ ਦੇ ਸੁਪਰਡੈਂਟ ਅਮਰਿੰਦਰਪਾਲ ਸਿੰਘ ਭੱਟੀ ਨੇ ਦੱਸਿਆ ਕਿ 2020 ਤੋਂ ਇੱਕ ਕਤਲ ਦੇ ਦੋਸ਼ ਹੇਠ ਜੇਲ੍ਹ ਵਿੱਚ ਬੰਦ ਗੁਰਪ੍ਰਕਾਸ਼ ਸਿੰਘ ਵੱਲੋਂ ਹੋਰਨਾਂ ਕੈਦੀਆਂ ਨਾਲ ਰਲ ਕੇ ਜੇਲ੍ਹ ਦੇ ਮੁਲਾਜ਼ਮ ਜਗਦੇਵ ਸਿੰਘ ’ਤੇ ਹਮਲਾ ਕਰ ਦਿੱਤਾ ਗਿਆ। ਖਿੱਚ-ਧੂਹ ਵਿੱਚ ਜਗਦੇਵ ਸਿੰਘ ਦੀ ਵਰਦੀ ਫਟ ਗਈ ਤੇ ਉਸ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਗਿਆ।
ਜੇਲ੍ਹ ਦੇ ਹੋਰਨਾਂ ਮੁਲਾਜ਼ਮਾਂ ਨੇ ਵਿੱਚ ਪੈ ਕੇ ਜਗਦੇਵ ਸਿੰਘ ਨੂੰ ਛੁਡਵਾਇਆ। ਉਨ੍ਹਾਂ ਦੋਸ਼ ਲਾਇਆ ਕਿ ਗੁਰਪ੍ਰਕਾਸ਼ ਸਿੰਘ ਨੇ ਖ਼ੁਦ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕੀਤਾ ਹੈ। ਦੂਜੇ ਪਾਸੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਗੁਰਪ੍ਰਕਾਸ਼ ਸਿੰਘ ਨੇ ਦੋਸ਼ ਲਾਇਆ ਕਿ ਉਸ ਨੂੰ ਅੱਧੀ ਦਰਜਨ ਤੋਂ ਵੱਧ ਪੁਲੀਸ ਮੁਲਾਜ਼ਮਾਂ ਵੱਲੋਂ ਉਸ ਦੀ ਕਥਿਤ ਕੁੱਟ-ਮਾਰ ਕੀਤੀ ਗਈ ਹੈ। ਉਸ ਨੇ ਆਖਿਆ ਕਿ ਪਹਿਲਾਂ ਉਸ ਨੂੰ ਕਥਿਤ ਗਾਲ੍ਹਾਂ ਕੱਢੀਆਂ ਗਈਆਂ ਤੇ ਕਾਰਨ ਪੁੱਛੇ ਜਾਣ ’ਤੇ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਡੰਡਿਆਂ ਨਾਲ ਕੁੱਟਿਆ ਹੈ। ਮਗਰੋਂ ਜ਼ਖ਼ਮੀ ਹੋਣ ’ਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ।