ਟਿ੍ਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜੂਨ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਬਜਟ ’ਤੇ ਦਿੱਤੇ ਪਲੇਠੇ ਭਾਸ਼ਣ ਵਿਚ ਵਿਰੋਧੀਆਂ ’ਤੇ ਵਿੰਨ੍ਹ ਵਿੰਨ੍ਹ ਕੇ ਨਿਸ਼ਾਨੇ ਲਾਏ| ਉਦੋਂ ਮੁੱਖ ਮੰਤਰੀ ਤਲਖੀ ਵਿਚ ਆ ਗਏ ਜਦੋਂ ਸੁਖਪਾਲ ਖਹਿਰਾ ਨੇ ਟੋਕਾ ਟਾਕੀ ਜਾਰੀ ਰੱਖੀ| ਮੁੱਖ ਮੰਤਰੀ ਨੇ ਕਿਹਾ, ‘ਖਹਿਰਾ ਜੀ, ਸੁਣਨ ਦੀ ਆਦਤ ਪਾਓ ਤੇ ਬਹਿ ਜਾਓ|’ ਉਨ੍ਹਾਂ ਪ੍ਰਤਾਪ ਬਾਜਵਾ ਨੂੰ ਇਸ਼ਾਰਾ ਕੀਤਾ ਕਿ ‘ਇਨ੍ਹਾਂ ਦੇ ਸੈੱਲ ਕੱਢ ਦਿਓ।’ ਜਦੋਂ ਖਹਿਰਾ ਬੋਲਦੇ ਰਹੇ ਤਾਂ ਮੁੱਖ ਮੰਤਰੀ ਇਹ ਆਖ ਕੇ ਬੈਠ ਗਏ, ‘ਤੁਸੀਂ ਬੋਲ ਲਓ|’ ਆਖਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖਹਿਰਾ ਨੂੰ ਬੋਲਣ ਤੋਂ ਵਰਜਿਆ। ਮੁੱਖ ਮੰਤਰੀ ਨੇ ਸਦਨ ਵਿੱਚ ਕਿਹਾ ਕਿ ਸਨਾਵਰਾਂ ਤੇ ਡੂਨ ਸਕੂਲਾਂ ਵਿਚ ਪੜ੍ਹਨ ਵਾਲੇ ਅੱਜ ਸਾਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲਿਆਂ ਨੂੰ ਪੰਜਾਬੀ ਸਿਖਾਉਣਗੇ| ਮੁੱਖ ਮੰਤਰੀ ਨੇ ਸਾਬਕਾ ਵਿੱਤ ਮੰਤਰੀ ਨੂੰ ਯਾਦ ਕਰਦਿਆਂ ਕਿਹਾ ਕਿ ਪੁਰਾਣੀ ਸਰਕਾਰ ਸਮੇਂ ਬਜਟ ਸੈਸ਼ਨ ਘੱਟ ਤੇ ਮੁਸ਼ਾਇਰਾ ਜ਼ਿਆਦਾ ਹੁੰਦਾ ਸੀ| ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਜੇਲ੍ਹਾਂ ਦੇ ਸੁਧਾਰ ਲਈ ਵੱਡੀ ਰਾਸ਼ੀ ਰੱਖੇ ਜਾਣ ਦੀ ਮੰਗ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਬਾਜਵਾ ਸਾਹਿਬ ਨੂੰ ਪਤੈ ਕਿ ਸਾਡੇ ਵਾਲਿਆਂ ਨੇ ਹੀ ਜੇਲ੍ਹਾਂ ਵਿੱਚ ਜਾਣੈ| ਉਨ੍ਹਾਂ ਭਰੋਸਾ ਦਿੱੱਤਾ ਕਿ ਜੇਲ੍ਹਾਂ ਵਿਚ ਸੁਧਾਰ ਦੀ ਕੋਈ ਕਮੀ ਨਹੀਂ ਰਹਿਣ ਦਿਆਂਗੇ| ਮੁੱਖ ਮੰਤਰੀ ਨੇ ਅੱਜ ਸੁਰਜੀਤ ਪਾਤਰ ਦੀ ਰਚਨਾ ਦੇ ਬੋਲ ਵੀ ਪੜ੍ਹੇ| ਬਾਬਾ ਨਜ਼ਮੀ ਦੇ ਬੋਲਾਂ ਨੂੰ ਚੇਤੇ ਕਰਨ ਤੋਂ ਇਲਾਵਾ ਗੁਰਭਜਨ ਗਿੱਲ ਦੀ ਰਚਨਾ ਨਾਲ ਆਪਣਾ ਭਾਸ਼ਣ ਸਮਾਪਤ ਕੀਤਾ। ਉਨ੍ਹਾਂ ਕਿਹਾ ‘ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ, ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ ਹੈ|’ ਅੱਜ ਸਰਕਾਰ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀ ’ਵਰਸਿਟੀ ’ਤੇ ਉਚੇਚੇ ਤੌਰ ’ਤੇ ਜ਼ਿਕਰ ਕੀਤਾ| ਮੁੱਖ ਮੰਤਰੀ ਨੇ ਕਿਹਾ ਕਿ ਕਿੰਨੇ ਹੀ ਗਾਇਕ ਤੇ ਅਹਿਮ ਹਸਤੀਆਂ ਪੰਜਾਬੀ ’ਵਰਸਿਟੀ ਦੀ ਪੈਦਾਇਸ਼ ਹਨ ਪਰ ਅਫਸੋਸ ਕਿ ਪਿਛਲੀਆਂ ਸਰਕਾਰਾਂ ਨੇ ਤੀਜਾ ਨੇਤਰ ਹੀ ਬੰਦ ਕਰ ਦਿੱਤਾ| ਵਿੱਤ ਮੰਤਰੀ ਨੇ ਵੀ ਕਿਹਾ ਕਿ ਪੰਜਾਬੀ ’ਵਰਸਿਟੀ ਨੂੰ ਜੋ ਪਹਿਲਾਂ 114 ਕਰੋੋੜ ਦੀ ਸਾਲਾਨਾ ਗਰਾਂਟ ਮਿਲਦੀ ਸੀ, ਉਸ ਨੂੰ ਵਧਾ ਕੇ 200 ਕਰੋੜ ਰੁਪਏ ਸਾਲਾਨਾ ਕਰ ਦਿੱਤਾ ਹੈ| ਉਹ ’ਵਰਸਿਟੀ ਨੂੰ ਕਰਜ਼ ਜਾਲ ਵਿੱਚੋਂ ਕੱਢਣ ਲਈ ਕੋਸ਼ਿਸ਼ ਕਰਨਗੇ|
ਬਾਜਵਾ ਨੇ ‘ਆਪ’ ਦੀ ਦੁੱਖਦੀ ਰਗ ਛੇੜੀ
ਵਿਧਾਨ ਸਭਾ ਦੀ ਸਪੀਕਰ ਗੈਲਰੀ ਵਿਚ ਅੱਜ ਉੱਚੇਚੇ ਤੌਰ ’ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਤੋਂ ਇਲਾਵਾ ਮੁੱਖ ਮੰਤਰੀ ਦੀ ਮਾਤਾ, ਭੈਣ ਮਨਪ੍ਰੀਤ ਕੌਰ ਤੋਂ ਇਲਾਵਾ ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਵੀ ਮੌਜੂਦ ਸਨ| ਪ੍ਰਤਾਪ ਸਿੰਘ ਬਾਜਵਾ ਨੇ ਬਿਨਾਂ ਨਾਮ ਲਏ ਦਰਸ਼ਕ ਗੈਲਰੀ ਵਿਚ ਮੌਜੂਦ ਦਿੱਲੀ ਦੇ ‘ਆਪ’ ਆਗੂ ਦੀ ਗੱਲ ਕਰਦਿਆਂ ‘ਆਪ’ ਵਿਧਾਇਕਾਂ ਨੂੰ ਕਿਹਾ ਕਿ ਤੁਸੀਂ ਉਨ੍ਹਾਂ ਨੂੰ (ਗੈਲਰੀ ਵਿੱਚ ਬੈਠੇ) ਖੁਸ਼ ਕਰਨ ਦੇ ਚੱਕਰ ਵਿਚ ਹਨ ਤੇ ਉਨ੍ਹਾਂ ਨੂੰ ਹੀ ਤੁਹਾਨੂੰ ਰਿਪੋਰਟ ਕਰਨਾ ਪੈਂਦਾ ਹੈ| ਇਸ ਤੋਂ ਸਦਨ ਵਿਚ ਹੰਗਾਮਾ ਹੋ ਗਿਆ ਅਤੇ ਕਾਫੀ ਰੌਲਾ ਰੱਪਾ ਪੈਂਦਾ ਰਿਹਾ |
ਅਫਸਰਾਂ ਨੂੰ ਲਾਏ ਖੂਬ ਰਗੜੇ
ਸਦਨ ਵਿਚ ਅੱਜ ਨੌਕਰਸ਼ਾਹੀ ਨੂੰ ਖੂਬ ਰਗੜੇ ਲਾਏ ਗਏ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭ੍ਰਿਸ਼ਟ ਲੋਕਾਂ ਨੂੰ ਫੜਨ ਤੋਂ ਕਿਸੇ ਨੇ ਸਰਕਾਰ ਨੂੰ ਰੋਕਿਆ ਹੈ| ਉਨ੍ਹਾਂ ਕਿਹਾ ਕਿ ਭ੍ਰਿਸ਼ਟ ਨੌਕਰਸ਼ਾਹਾਂ ਨੂੰ ਵੀ ਫੜ ਕੇ ਅੰਦਰ ਦਿਓ| ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਅਫਸਰਾਂ ਦੀ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ ਹੈ, ’ਕੱਲੇ ਸਿਆਸੀ ਨੇਤਾ ਠੱਗ ਚੋਰ ਨਹੀਂ| ਅਫਸਰਾਂ ਨੂੰ ਵੀ ਹੱਥ ਪਾਓ| ‘ਆਪ’ ਦੇ ਇੱਕ ਵਿਧਾਇਕ ਨੇ ਇੱਥੋਂ ਤੱਕ ਆਖ ਦਿੱਤਾ ਕਿ ਅਫਸਰਾਂ ਤੇ ਨੇਤਾਵਾਂ ਦੀ ਸੰਪਤੀ ਦੀ ਜਾਂਚ ਹੋਣੀ ਚਾਹੀਦੀ ਹੈ|