ਆਤਿਸ਼ ਗੁਪਤਾ
ਚੰਡੀਗੜ੍ਹ, 25 ਜੁਲਾਈ
ਹਰਿਆਣਾ ਦੇ ਬਹੁ-ਚਰਚਿਤ ਅਧਿਆਪਕ ਭਰਤੀ ਘੁਟਾਲੇ ਵਿੱਚੋਂ ਰਿਹਾਅ ਹੋਣ ਮਗਰੋਂ ਸਿਆਸਤ ਦੀ ਦੂਜੀ ਪਾਰੀ ਸ਼ੁਰੂ ਕਰਨ ਲਈ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਦਾ ਕਿਸਾਨ ਹਿਤੈਸ਼ੀ ਬਣਨ ਵਾਲਾ ਸਿਆਸੀ ਦਾਅ ਪੁੱਠਾ ਪੈਣਾ ਸ਼ੁਰੂ ਹੋ ਗਿਆ ਹੈ। ਅੱਜ ਜੀਂਦ ਦੇ ਖਟਕੜ ਟੌਲ ਪਲਾਜ਼ਾ ’ਤੇ ਧਰਨੇ ਵਿੱਚ ਕਿਸਾਨ ਆਗੂਆਂ ਨੇ ਨਾ ਤਾਂ ਉਨ੍ਹਾਂ ਨੂੰ ਸਟੇਜ ’ਤੇ ਚੜ੍ਹਨ ਦਿੱਤਾ ਅਤੇ ਨਾ ਹੀ ਮਾਈਕ ’ਤੇ ਬੋਲਣ ਦਿੱਤਾ। ਕਿਸਾਨ ਜਥੇਬੰਦੀ ਨੇ ਸਾਬਕਾ ਮੁੱਖ ਮੰਤਰੀ ਸ੍ਰੀ ਚੌਟਾਲਾ ਨੂੰ ਸੁੱਚੇ ਮੂੰਹ ਹੀ ਵਾਪਸ ਮੋੜ ਦਿੱਤਾ।
ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ 20 ਜੁਲਾਈ ਨੂੰ ਪਲਵਲ ਵਿੱਚ ਕਿਸਾਨ ਧਰਨੇ ’ਚ ਗਏ ਸਨ, ਜਿੱਥੇ ਕਿਸਾਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਇਸੇ ਦੌਰਾਨ ਸ੍ਰੀ ਚੌਟਾਲਾ ਨੇ ਖ਼ੁਦ ਨੂੰ ਚੌਧਰੀ ਦੇਵੀ ਲਾਲ ਦਾ ਵਾਰਿਸ ਦੱਸਦਿਆਂ ਕਿਸਾਨਾਂ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਕੀਤੀ। ਉਸ ਮਗਰੋਂ ਓਮ ਪ੍ਰਕਾਸ਼ ਚੌਟਾਲਾ ਗਾਜ਼ੀਪੁਰ ਹੱਦ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਨੂੰ ਮਿਲ ਕੇ ਆਏ ਸਨ। ਅੱਜ ਉਨ੍ਹਾਂ ਜੀਂਦ ਵਿੱਚ ਪੈਂਦੇ ਖਟਕੜ ਟੌਲ ਪਲਾਜ਼ਾ ’ਤੇ ਚੱਲ ਰਹੇ ਅੰਦੋਲਨ ਵਿੱਚ ਜਾਣਾ ਸੀ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਸ੍ਰੀ ਚੌਟਾਲਾ ਦਾ ਬਤੌਰ ਕਿਸਾਨ ਸਵਾਗਤ ਕਰਦੇ ਹਨ ਪਰ ਧਰਨੇ ਦੌਰਾਨ ਸਟੇਜ ’ਤੇ ਨਹੀਂ ਆਉਣ ਦਿੱਤਾ ਜਾਵੇਗਾ ਅਤੇ ਨਾ ਹੀ ਧਰਨੇ ਵਿੱਚ ਮਾਈਕ ’ਤੇ ਸੰਬੋਧਨ ਕਰਨ ਦਿੱਤਾ ਜਾਵੇਗਾ।
ਅੱਜ ਸਾਥੀਆਂ ਸਣੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਖਟਕੜ ਟੌਲ ਪਲਾਜ਼ਾ ’ਤੇ ਪੁੱਜੇ ਅਤੇ ਕਿਸਾਨਾਂ ਦੇ ਧਰਨੇ ਵਿੱਚ ਜਾ ਕੇ ਬੈਠ ਗਏ। ਉਨ੍ਹਾਂ ਦੇ ਖੱਬੇ ਹੱਥ ’ਤੇ ਸੱਟ ਲੱਗੀ ਹੋਈ ਸੀ। ਕੁਝ ਸਮੇਂ ਬਾਅਦ ਸ੍ਰੀ ਚੌਟਾਲਾ ਨੇ ਧਰਨੇ ਨੂੰ ਸੰਬੋਧਨ ਕਰਨ ਲਈ ਮਾਈਕ ਮੰਗਿਆ ਤਾਂ ਕਿਸਾਨ ਜਥੇਬੰਦੀਆਂ ਨੇ ਮਾਈਕ ਦੇਣ ਤੋਂ ਇਨਕਾਰ ਕਰ ਦਿੱਤਾ। ਸ੍ਰੀ ਚੌਟਾਲਾ ਨੇ ਲੋਕਾਂ ਦੀ ਸਲਾਹ ਲੈਣ ਦੀ ਗੱਲ ਆਖੀ। ਕਿਸਾਨ ਆਗੂ ਸਤਬੀਰ ਪਹਿਲਵਾਨ ਨੇ ਕਿਹਾ ਕਿ ਇਹ ਫ਼ੈਸਲਾ ਸਾਰੇ ਕਿਸਾਨਾਂ ਵੱਲੋਂ ਸਾਂਝੇ ਤੌਰ ’ਤੇ ਲਿਆ ਗਿਆ ਹੈ, ਜਿਸ ਮਗਰੋਂ ਸ੍ਰੀ ਚੌਟਾਲਾ ਗੁੱਸੇ ਵਿੱਚ ਉੱਥੋਂ ਚਲੇ ਗਏ। ਸਤਬੀਰ ਪਹਿਲਵਾਨ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦਾ ਫ਼ੈਸਲਾ ਹੈ ਕਿ ਕਿਸਾਨ ਧਰਨਿਆਂ ਦੀ ਸਟੇਜ ’ਤੇ ਕਿਸੇ ਰਾਜਸੀ ਆਗੂ ਨੂੰ ਨਹੀਂ ਚੜ੍ਹਨ ਦਿੱਤਾ ਜਾਵੇਗਾ। ਉਸੇ ਤਹਿਤ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਓਮ ਪ੍ਰਕਾਸ਼ ਚੌਟਾਲਾ ਖਟਕੜ ਟੌਲ ਪਲਾਜ਼ਾ ’ਤੇ ਆਉਂਦੇ ਹਨ ਤਾਂ ਮਾਈਕ ਨਹੀਂ ਦਿੱਤਾ ਜਾਵੇਗਾ।