ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਅਗਸਤ
ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ’ਤੇ ਬੀਤੇ ਵਰ੍ਹੇ ਆਜ਼ਾਦੀ ਦਿਹਾੜੇ ਤੋਂ 24 ਘੰਟੇ ਪਹਿਲਾਂ ਖ਼ਾਲਿਸਤਾਨੀ ਝੰਡਾ ਝੁਲਾਉਣ ਅਤੇ ਕੌਮੀ ਤਿਰੰਗੇ ਦੀ ਬੇਅਦਬੀ ਮਾਮਲੇ ਸਬੰਧੀ ਮੁਹਾਲੀ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਸਿੱੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ, ਹਰਪ੍ਰੀਤ ਸਿੰਘ ਉਰਫ ਰਾਣਾ, ਰਣਜੀਤ ਸਿੰਘ, ਹਰਮੀਤ ਸਿੰਘ (ਯੂਐੱਸਏ), ਇੰਦਰਜੀਤ ਸਿੰਘ (ਮੋਗਾ), ਜਸਪਾਲ ਸਿੰਘ ਉਰਫ ਅੰਪਾ (ਮੋਗਾ), ਆਕਾਸ਼ਦੀਪ ਸਿੰਘ ਉਰਫ ਮੁੰਨਾ (ਫ਼ਿਰੋਜਪੁਰ) ਅਤੇ ਜਗਵਿੰਦਰ ਸਿੰਘ ਉਰਫ ਜੱਗਾ (ਲੁਧਿਆਣਾ) ਖ਼ਿਲਾਫ਼ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਦੋਸ਼ ਆਇਦ ਕੀਤੇ ਹਨ। ਇਸ ਸਬੰਧੀ ਪਹਿਲਾਂ 14 ਅਗਸਤ 2020 ਨੂੰ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮਾਮਲਾ ਕੌਮੀ ਝੰਡੇ ਨਾਲ ਜੁੜਿਆ ਹੋਣ ਕਾਰਨ ਇਹ ਮਾਮਲਾ ਬਾਅਦ ਵਿੱਚ ਐੱਨਆਈਏ ਕੋਲ ਚਲਾ ਗਿਆ ਸੀ। ਐੱਨਆਈਏ ਨੇ 5 ਸਤੰਬਰ 2020 ਨੂੰ ਨਵੇਂ ਕੇਸ ਦਰਜ ਕੀਤੇ ਸਨ ਅਤੇ ਇਸ ਵਰ੍ਹੇ 11 ਫਰਵਰੀ ਨੂੰ ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ। ਅਦਾਲਤ ਨੇ ਹੁਣ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ।
ਐੱਨਆਈਏ ਜਾਂਚ ਤੋਂ ਪਤਾ ਲਗਾ ਕਿ ਮੁਲਜ਼ਮ ਇੰਦਰਜੀਤ ਸਿੰਘ, ਜਸਪਾਲ ਸਿੰਘ ਅਤੇ ਆਕਾਸ਼ਦੀਪ ਸਿੰਘ ਨੇ ਇਹ ਝੰਡਾ ਝੁਲਾਉਣ ਲਈ ਗੁਰਪਤਵੰਤ ਸਿੰਘ ਪੰਨੂ ਅਤੇ ਹਰਪ੍ਰੀਤ ਸਿਘ ਉਰਫ਼ ਰਾਣਾ ਨਾਲ ਸਾਜਿਸ਼ ਰਚੀ ਸੀ। ਇੰਦਰਜੀਤ, ਜਸਪਾਲ ਸਿੰਘ ਤੇ ਆਕਾਸ਼ਦੀਪ 14 ਅਗਸਤ 2020 ਨੂੰ ਡੀਸੀ ਦਫ਼ਤਰ ਕੰਪਲੈਕਸ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਅਤੇ ਉੱਥੇ ਤਿਰੰਗੇ ਦੀ ਬੇਅਦਬੀ ਵਿੱਚ ਵੀ ਸ਼ਾਮਲ ਸਨ।