ਸੰਜੀਵ ਬੱਬੀ
ਚਮਕੌਰ ਸਾਹਿਬ, 30 ਦਸੰਬਰ
ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਵਿੱਚ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਸ਼ਾ ਵਰਕਰਾਂ ਅਤੇ ਮਿਡ-ਡੇਅ ਮੀਲ ਵਰਕਰਾਂ ਨੂੰ ਨਵੇਂ ਸਾਲ ਦੇ ਤੋਹਫ਼ੇ ਵਜੋਂ 124.25 ਕਰੋੜ ਰੁਪਏ ਦਾ ਲਾਭ ਦਿੰਦੇ ਹੋਏ ਆਸ਼ਾ ਵਰਕਰਾਂ ਨੂੰ ਪਹਿਲਾਂ ਤੋਂ ਮਿਲਦੀ ਵਿੱਤੀ ਰਾਸ਼ੀ ਦੇ ਮੁਕਾਬਲੇ 2500 ਰੁਪਏ ਮਹੀਨਾਵਾਰ ਭੱਤਾ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਕਰੀਬ 22 ਹਜ਼ਾਰ ਆਸ਼ਾ ਵਰਕਰਾਂ ਨੂੰ ਲਾਭ ਹੋਵੇਗਾ ਜਦਕਿ ਸਰਕਾਰੀ ਖਜ਼ਾਨੇ ’ਤੇ 60 ਕਰੋੜ ਰੁਪਏ ਦਾ ਬੋਝ ਵੀ ਪਵੇਗਾ। ਇਸੇ ਤਰ੍ਹਾਂ ਆਸ਼ਾ ਵਰਕਰਾਂ ਨੂੰ ਹੁਣ 5 ਲੱਖ ਰੁਪਏ ਦੀ ਨਗਦੀ ਰਹਿਤ ਸਿਹਤ ਬੀਮਾ ਯੋਜਨਾ ਅਧੀਨ ਵੀ ਲਿਆਂਦਾ ਗਿਆ ਹੈ ਜੋ ਸਰਕਾਰ ਵੱਲੋਂ ਮੁਫ਼ਤ ਕੀਤੀ ਜਾਵੇਗੀ। ਸ੍ਰੀ ਚੰਨੀ ਨੇ ਸੂਬੇ ਭਰ ਦੇ 19,700 ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੰਮ ਕਰ ਰਹੀਆਂ 42,500 ਦੇ ਕਰੀਬ ਮਿਡ-ਡੇਅ ਮੀਲ ਵਰਕਰਾਂ ਨੂੰ ਵੀ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੇ ਭੱਤੇ ਨੂੰ 22 ਸੌ ਰੁਪਏ ਤੋਂ ਵਧਾ ਕੇ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਨਾਲ ਸਰਕਾਰੀ ਖਜ਼ਾਨੇ ’ਤੇ 64.25 ਕਰੋੜ ਰੁਪਏ ਦਾ ਬੋਝ ਪਵੇਗਾ। ਉਨ੍ਹਾਂ ਐਲਾਨ ਕੀਤਾ ਕਿ ਸੂਬੇ ਭਰ ਵਿੱਚ ਕੰਮ ਕਰ ਰਹੀਆਂ ਉਕਤ ਵਰਕਰਾਂ ਨੂੰ ਹੁਣ ਰੈਗੂਲਰ ਆਧਾਰ ’ਤੇ ਕੰਮ ਕਰ ਰਹੀਆਂ ਹੋਰ ਮਹਿਲਾ ਸਰਕਾਰੀ ਕਰਮਚਾਰੀਆਂ ਦੀ ਤਰਜ਼ ’ਤੇ ਪ੍ਰਸੂਤਾ ਛੁੱਟੀ ਵੀ ਮਿਲਿਆ ਕਰੇਗੀ ਅਤੇ ਇਨ੍ਹਾਂ ਸਾਰੀਆਂ ਵਰਕਰਾਂ ਨੂੰ ਹੁਣ 1 ਜਨਵਰੀ 2022 ਤੋਂ ਵਧਿਆ ਹੋਇਆ ਭੱਤਾ ਮਿਲੇਗਾ ਤੇ ਉਨ੍ਹਾਂ ਨੂੰ ਇਹ ਭੱਤੇ 10 ਦੀ ਬਜਾਇ ਹੁਣ 12 ਮਹੀਨੇ ਮਿਲਣਗੇ। ਸ੍ਰੀ ਚੰਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਲਈ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ, ਪੀਆਰਆਈਜ਼ ਅਤੇ ਯੂਐੱਲਬੀਜ਼ ਵਿੱਚ 50 ਫ਼ੀਸਦੀ ਰਾਖਵਾਂਕਰਨ ਅਤੇ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਅੱਜ ਆਸ਼ਾ ਤੇ ਮਿਡ-ਡੇਅ ਮੀਲ ਵਰਕਰਾਂ ਲਈ ਐਲਾਨੇ ਗਏ ਮਹਿਲਾ ਪੱਖੀ ਫ਼ੈਸਲਿਆਂ ਦੇ ਅਨੁਰੂਪ ਹਨ। ਸ੍ਰੀ ਗੁਰੂ ਨਾਨਕ ਦੇਵ ਦੀ ਬਾਣੀ ਦਾ ਜ਼ਿਕਰ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਗੁਰਬਾਣੀ ਨੇ ਸਮਾਜ ਵਿੱਚ ਔਰਤਾਂ ਨਾਲ ਹੁੰਦੇ ਮਾੜੇ ਵਿਵਹਾਰ ਅਤੇ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਉਨ੍ਹਾਂ ਨੂੰ ਬਰਾਬਰ ਹੱਕ ਦੇਣ ’ਤੇ ਜ਼ੋਰ ਦਿੱਤਾ।
ਚੰਨੀ ਵੱਲੋਂ ਕਾਂਗਰਸ ਦੀ ਸਰਕਾਰ ਬਣਾਉਣ ਦਾ ਸੱਦਾ
ਰਾਮਪੁਰਾ ਫੂਲ (ਗੁਰਜੀਤ ਭੁੱਲਰ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਕੀਤੇ ਗਏ ਵਿਕਾਸ ਕਾਰਜਾਂ ਵਿੱਚ ਭਰੋਸਾ ਰੱਖਣ ਅਤੇ ਹਰ ਹਾਲਤ ਵਿੱਚ ਲੋਕਾਂ ਨਾਲ ਖੜ੍ਹਨ ਵਾਲੀ ਸਰਕਾਰ ਦੀ ਚੋਣ ਕਰਨ ਦਾ ਸੱਦਾ ਦਿੱਤਾ। ਇੱਥੇ ਅਨਾਜ ਮੰਡੀ ਵਿੱਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਹਲਕਾ ਰਾਮਪੁਰਾ ਫੂਲ ਦੇ ਸਰਬਪੱਖੀ ਵਿਕਾਸ ਲਈ 10 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਸਿਵਲ ਹਸਪਤਾਲ-ਰਾਮਪੁਰਾ ਨੂੰ ਅਪਗ੍ਰੇਡ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਰਾਮਪੁਰਾ ਸਿਟੀ ਫਲਾਈਓਵਰ ਦਾ ਨੀਂਹ ਪੱਥਰ ਰੱਖਿਆ ਜੋ ਰੇਲਵੇ ਸਟੇਸ਼ਨ ਅਤੇ ਗੀਤਾ ਭਵਨ ਰੋਡ ਵਿਚਕਾਰ 63.55 ਕਰੋੜ ਨਾਲ ਬਣੇਗਾ। ਸ੍ਰੀ ਚੰਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ ਅਤੇ ਉਹ ਕਿਸੇ ਬਾਹਰੀ ਵਿਅਕਤੀ ਦੀ ਬਜਾਇ ਪੰਜਾਬੀ ਨੂੰ ਮੌਕਾ ਦੇਣਗੇ।
ਮਿਡ-ਡੇਅ ਮੀਲ ਤੇ ਆਸ਼ਾ ਵਰਕਰਾਂ ਨੇ ਖ਼ੁਸ਼ੀ ’ਚ ਗਿੱਧਾ ਪਾਇਆ
ਚਮਕੌਰ ਸਾਹਿਬ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਿਡ-ਡੇਅ ਮੀਲ ਤੇ ਆਸ਼ਾ ਵਰਕਰਾਂ ਦੇ ਮਾਣਭੱਤਿਆਂ ਵਿੱਚ ਵਾਧੇ ਦਾ ਐਲਾਨ ਕਰਨ ’ਤੇ ਸੂਬੇ ਭਰ ਵਿੱਚੋਂ ਆਈਆਂ ਵਰਕਰਾਂ ਵੱਲੋਂ ਸਮਾਗਮ ਵਿੱਚ ਹੀ ਗਿੱਧਾ ਤੇ ਭੰਗੜਾ ਪਾ ਕੇ ਆਪਣੀ ਖ਼ੁਸ਼ੀ ਜ਼ਾਹਰ ਕੀਤੀ ਗਈ। ਆਸ਼ਾ ਵਰਕਰ ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਕਿਰਨਦੀਪ ਕੌਰ ਪੰਜੋਲਾ ਅਤੇ ਮਿਡ-ਡੇਅ ਮੀਲ ਦੀ ਪ੍ਰਧਾਨ ਹਰਜਿੰਦਰ ਕੌਰ ਲੋਪੋ ਨੇ ਕਿਹਾ ਕਿ ਬੀਤੇ 13 ਸਾਲਾਂ ਤੋਂ ਉਨ੍ਹਾਂ ਦੀ ਕਿਸੇ ਵੀ ਸਰਕਾਰ ਨੇ ਬਾਂਹ ਨਹੀ ਫੜੀ ਅਤੇ ਅੱਜ ਮੁੱਖ ਮੰਤਰੀ ਸ੍ਰੀ ਚੰਨੀ ਨੇ ਉਨ੍ਹਾਂ ਦੀ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਹਨ, ਜਿਸ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਦੀਆਂ ਹਨ। ਇਸ ਤੋਂ ਬਾਅਦ ਸੂਬੇ ਭਰ ਵਿੱਚੋਂ ਆਈਆਂ ਵਰਕਰਾਂ ਵੱਲੋਂ ਗਿੱਧਾ ਤੇ ਭੰਗੜਾ ਪਾ ਕੇ ਕਾਂਗਰਸ ਸਰਕਾਰ ਦੀ ਮੁੜ ਵਾਪਸੀ ਦੀ ਕਾਮਨਾ ਕੀਤੀ ਗਈ। -ਨਿੱਜੀ ਪੱਤਰ ਪ੍ਰੇਰਕ