ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 7 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੁਝ ਮਹੀਨੇ ਪਹਿਲਾਂ ਸੱਤਾ ਸੰਭਾਲਦਿਆਂ ਹੀ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਸੀ ਕਿ ਮਨਜ਼ੂਰਸ਼ੁਦਾ ਰੇਤ ਖੱਡਾਂ ’ਚੋਂ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੇਗਾ ਪਰ ਮੁੱਖ ਮੰਤਰੀ ਦੇ ਆਪਣੇ ਵਿਧਾਨ ਸਭਾ ਹਲਕੇ ਤੇ ਜ਼ਿਲ੍ਹੇ ਵਿਚ ਹੀ ਅਜਿਹੀਆਂ ਖੱਡਾਂ ਤੋਂ ਰੇਤ ਮਿਲਣੀ ਬੰਦ ਹੋ ਗਈ ਹੈ ਅਤੇ ਇਨ੍ਹਾਂ ਖਣਨ ਪਦਾਰਥਾਂ ਦਾ ਸਟਾਕ ਕਰਨ ਵਾਲਿਆਂ ਨੇ ਇਸ ਨੂੰ ਮੁੜ ਮਹਿੰਗੇ ਭਾਅ ’ਤੇ ਵੇਚਣਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਚੰਨੀ ਦੇ ਸਸਤਾ ਰੇਤਾ ਦੇਣ ਦੇ ਐਲਾਨ ਤੋਂ ਬਾਅਦ ਉਸ ਦੇ ਆਪਣੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਅਧੀਨ ਪੈਂਦੇ ਪਿੰਡ ਬੇਲਾ ਨੇੜੇ ਹੀ ਸਤਲੁਜ ਦਰਿਆ ’ਚੋਂ 5.50 ਰੁਪਏ ਦੇ ਹਿਸਾਬ ਨਾਲ ਰੇਤਾ ਮਿਲਣਾ ਸ਼ੁਰੂ ਹੋ ਗਿਆ ਸੀ ਪਰ ਜਿਸ ਦਿਨ ਤੋਂ ਚੋਣ ਜ਼ਾਬਤਾ ਲੱਗਿਆ ਹੈ ਉਸ ਤੋਂ ਕੁਝ ਦਿਨ ਬਾਅਦ ਹੀ ਇਹ ਰੇਤ ਦੀ ਖੱਡ ਬੰਦ ਹੋ ਗਈ ਹੈ। ਇਸ ਤੋਂ ਇਲਾਵਾ ਚੰਨੀ ਦੇ ਆਪਣੇ ਹੀ ਜ਼ਿਲ੍ਹਾ ਰੋਪੜ ਦੇ ਪਿੰਡ ਰੈਲ ਮਾਜਰਾ ਵਿਚ ਵੀ ਸਸਤੀ ਰੇਤੇ ਦੀ ਖੱਡ ਬੰਦ ਹੋ ਗਈ ਹੈ ਜਿਸ ਕਾਰਨ ਟਰਾਂਸਪੋਰਟਰ ਅਤੇ ਸਸਤਾ ਰੇਤਾ ਖਰੀਦਣ ਵਾਲੇ ਲੋਕ ਕਾਂਗਰਸ ਸਰਕਾਰ ਨੂੰ ਸਵਾਲ ਕਰ ਰਹੇ ਹਨ ਕਿ ਉਹ 5.50 ਰੁਪਏ ਪ੍ਰਤੀ ਫੁੱਟ ਰੇਤਾ ਕਿੱਥੋਂ ਲੈਣ। ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਵਲੋਂ ਚੰਨੀ ਦੇ ਹਲਕੇ ’ਚ ਰੇਤ ਦੀਆਂ ਖੱਡਾਂ ’ਤੇ ਨਾਜਾਇਜ਼ ਖਣਨ ਹੋਣ ਦੇ ਦੋਸ਼ ਲਾਏ ਗਏ ਸਨ। ਜ਼ਿਕਰਯੋਗ ਹੈ ਕਿ ਈਡੀ ਦੇ ਛਾਪਿਆਂ ਤੋਂ ਪਹਿਲਾਂ ਜੋ ਕਰੱਸ਼ਰ ਚੱਲਦੇ ਰਹੇ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਬੰਦ ਹੋਣਾ ਕਥਿਤ ਸੰਕੇਤ ਦਿੰਦਾ ਹੈ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ, ਮਾਈਨਿੰਗ ਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਨਾਜਾਇਜ਼ ਮਾਈਨਿੰਗ ਚੱਲ ਰਹੀ ਸੀ ਜੋ ਹੁਣ ਡਰ ਕਾਰਨ ਬੰਦ ਕਰ ਦਿੱਤੀ ਗਈ ਹੈ।
ਮਾਈਨਿੰਗ ਅਧਿਕਾਰੀ ਦਾ ਸਸਤਾ ਰੇਤਾ ਮਿਲਣ ਦਾ ਦਾਅਵਾ ਗਲਤ
ਰੋਪੜ ਜ਼ਿਲ੍ਹੇ ਦੇ ਮਾਈਨਿੰਗ ਅਧਿਕਾਰੀ ਨਵਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੇਲਾ ਤੇ ਰੈਲ ਮਾਜਰਾ ਦੀ ਖੱਡ ਠੇਕੇਦਾਰਾਂ ਵਲੋਂ ਮਸ਼ੀਨਰੀ ਦੀ ਖ਼ਰਾਬੀ ਕਾਰਨ ਬੰਦ ਕਰ ਦਿੱਤੀ ਗਈ ਹੈ। ਦੂਜੇ ਪਾਸੇ ਉਨ੍ਹਾਂ ਇਹ ਵੀ ਕਿਹਾ ਕਿ ਨੰਗਲ ਦੇ ਐਲਗਰਾਂ ਦੀ ਖੱਡ ’ਚੋਂ ਇਹ ਸਸਤਾ ਰੇਤਾ ਮਿਲਦਾ ਹੈ ਪਰ ਉੱਥੋਂ ਦੇ ਕਰੱਸ਼ਰ ਮਾਲਕਾਂ ਦਾ ਕਹਿਣਾ ਸੀ ਕਿ ਇੱਥੇ ਅਜਿਹੀ ਕੋਈ ਖੱਡ ਨਹੀਂ ਜਿੱਥੇ ਸਸਤਾ ਰੇਤਾ ਮਿਲਦਾ ਹੋਵੇ।