ਪੱਤਰ ਪ੍ਰੇਰਕ
ਪਠਾਨਕੋਟ, 18 ਸਤੰਬਰ
ਹਿਮਾਚਲ ਪ੍ਰਦੇਸ਼ ਤੇ ਪੰਜਾਬ ਨੂੰ ਜੋੜਦਾ ਚੱਕੀ ਦਰਿਆ ’ਤੇ ਬਣਿਆ ਸੜਕੀ ਮਾਰਗ ਵਾਲਾ ਪੁਲ ਪਿੱਲਰਾਂ ਦੀ ਮੁਰੰਮਤ ਤੋਂ ਬਾਅਦ ਅੱਜ ਨੈਸ਼ਨਲ ਹਾਈਵੇਅ ਆਫ਼ ਅਥਾਰਟੀ ਨੇ ਭਾਰੀ ਵਾਹਨਾਂ ਲਈ ਖੋਲ੍ਹ ਦਿੱਤਾ ਹੈ। ਜਾਣਕਾਰੀ ਅਨੁਸਾਰ ਚੱਕੀ ਦਰਿਆ ਵਿੱਚ 20 ਅਗਸਤ ਨੂੰ ਆਏ ਹੜ੍ਹ ਕਾਰਨ ਇਸ ਪੁਲ ਦੇ 2 ਪਿੱਲਰ ਨੁਕਸਾਨੇ ਗਏ ਸਨ ਅਤੇ ਉਨ੍ਹਾਂ ਦੀਆਂ ਨੀਂਹਾਂ ਨਜ਼ਰ ਆਉਣ ਲੱਗ ਪਈਆਂ ਸਨ। ਇਸ ਮਗਰੋਂ ਪੰਜਾਬ-ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਪੁਲ ਉਪਰੋਂ ਲੰਘਣ ਵਾਲੀ ਆਵਾਜਾਈ ’ਤੇ ਪੂਰਨ ਰੂਪ ਵਿੱਚ ਪਾਬੰਦੀ ਲਾ ਦਿੱਤੀ ਸੀ। ਪੁਲ ’ਤੇ ਆਵਾਜਾਈ ਬੰਦ ਹੋਣ ਕਾਰਨ ਰਾਹਗੀਰਾਂ ਨੂੰ ਹਿਮਾਚਲ ਜਾਣ ਲਈ ਲਗਪਗ 25 ਕਿਲੋਮੀਟਰ ਦਾ ਜ਼ਿਆਦਾ ਸਫ਼ਰ ਤੈਅ ਕਰਨਾ ਪੈਂਦਾ ਸੀ। ਇਸ ਦੌਰਾਨ ਪੁਲ ਦੀ ਮੁਰੰਮਤ ਦਾ ਕੰਮ ਨੈਸ਼ਨਲ ਹਾਈਵੇਅ ਆਫ ਅਥਾਰਟੀ ਵੱਲੋਂ ਭਾਰਤੀ ਸੈਨਾ ਦੀ ਮਦਦ ਨਾਲ ਜੰਗੀ ਪੱਧਰ ’ਤੇ ਕਰਨ ਉਪਰੰਤ ਪ੍ਰਸ਼ਾਸਨ ਨੇ 12 ਸਤੰਬਰ ਨੂੰ ਇਹ ਪੁਲ ਛੋਟੇ ਵਾਹਨਾਂ ਲਈ ਖੋਲ੍ਹ ਦਿੱਤਾ ਸੀ। ਪਰ ਭਾਰੀ ਵਾਹਨਾਂ (ਟਰੱਕਾਂ-ਬੱਸਾਂ) ਦੇ ਲੰਘਣ ’ਤੇ ਪਾਬੰਦੀ ਜਾਰੀ ਰਹੀ। ਅਖੀਰ ਵਿੱਚ ਨੈਸ਼ਨਲ ਹਾਈਵੇਅ ਆਫ਼ ਅਥਾਰਟੀ ਵੱਲੋਂ ਮੁਰੰਮਤ ਦਾ ਬਾਕੀ ਕੰਮ ਵੀ ਸਿਰੇ ਚੜ੍ਹਾਉਣ ਤੋਂ ਬਾਅਦ ਅਥਾਰਟੀ ਨੇ ਹਿਮਾਚਲ ਦੇ ਨੂਰਪੁਰ ਅਤੇ ਪੰਜਾਬ ਦੇ ਪਠਾਨਕੋਟ ਦੇ ਐੱਸਡੀਐੱਮ ਨੂੰ ਲਿਖਤੀ ਪੱਤਰ ਭੇਜੇ ਕਿ ਇਸ ਪੁਲ ਨੂੰ ਭਾਰੀ ਵਾਹਨਾਂ ਦੀ ਆਵਾਜਾਈ ਲਈ ਵੀ ਖੋਲ੍ਹ ਦਿੱਤਾ ਜਾਵੇ। ਇਸ ਮਗਰੋਂ ਦੋਵੇਂ ਸੂਬਿਆਂ ਦੇ ਪ੍ਰਸ਼ਾਸਨ ਵੱਲੋਂ ਅੱਜ ਸਵੇਰੇ 6 ਵਜੇ ਤੋਂ ਪੁਲ ਨੂੰ ਖੋਲ੍ਹ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੁਲ ਤੋਂ ਆਵਾਜਾਈ ਚਾਲੂ ਹੋਣ ਕਾਰਨ ਰਾਹਗੀਰਾਂ ਨੇ ਰਾਹਤ ਮਹਿਸੂਸ ਕੀਤੀ ਹੈ।