ਭਗਵਾਨ ਦਾਸ ਸੰਦਲ/ ਜਗਜੀਤ ਸਿੰਘ
ਦਸੂਹਾ/ਮੁਕੇਰੀਆ, 4 ਸਤੰਬਰ
ਇਥੋਂ ਦੇ ਨੇੜਲੇ ਕਸਬਾ ਗੜ੍ਹਦੀਵਾਲਾ ਅਧੀਨ ਆਉਂਦੇ ਪਿੰਡ ਅਰਗੋਵਾਲ ਵਿਚ ਚਾਰ ਦਿਨ ਪਹਿਲਾਂ ਇਕ ਨੌਜਵਾਨ ਗੁਰਦੀਪ ਸਿੰਘ ਉਰਫ ਦੀਪਾ ਦਾ ਕੁਝ ਹਥਿਆਰਬੰਦ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਜਿਸ ਸਬੰਧ ਵਿੱਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਪੰਜ ਜਨ੍ਹਿਆਂ ਖਿਲਾਫ ਮਾਮਲਾ ਦਰਜ ਕੀਤਾ ਸੀ। ਪੁਲੀਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚਾਰ ਦਿਨ ਬੀਤਣ ਦੇ ਬਾਵਜੂਦ ਕਾਤਲ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ। ਇਸ ਦੇ ਵਿਰੋਧ ਵਿੱਚ ਅੱਜ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਗੜਦੀਵਾਲਾ-ਦਸੂੁਹਾ ਮੇਨ ਰੋਡ ਟਾਂਡਾ ਮੋੜ ’ਤੇ ਚੱਕਾ ਜਾਮ ਕਰਕੇ ਪੁਲੀਸ ਪ੍ਰਸ਼ਾਸ਼ਨ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲੀਸ ਪ੍ਰਸ਼ਾਸਨ ਇਨਸਾਫ਼ ਦੇਣ ’ਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ ਜਦੋਂਕਿ ਕਾਤਲਾਂ ਵੱਲੋਂ ਪੀੜਤ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਪੁਲੀਸ ਪ੍ਰਸ਼ਾਸਨ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕਾਤਲਾਂ ਦੀ ਗ੍ਰਿਫ਼ਤਾਰੀ ਮਗਰੋਂ ਹੀ ਗੁਰਪ੍ਰੀਤ ਸਿੰਘ ਦੀਪਾ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਮੌਕੇ ਡੀਐਸਪੀ ਟਾਂਡਾ ਰਾਜ ਕੁਮਾਰ, ਡੀਐੱਸਪੀ ਹੈੱਡ ਕੁਆਰਟਰ ਗੁਰਪ੍ਰੀਤ ਸਿੰਘ ਗਿੱਲ, ਡੀਐੱਸਪੀ ਹੁਸ਼ਿਆਰਪੁਰ ਪ੍ਰੇਮ ਸਿੰਘ ਅਤੇ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਅਤੇ ਹੋਰ ਪੁਲੀਸ ਅਧਿਕਾਰੀ ਧਰਨੇ ਵਾਲੀ ਥਾਂ ਪੁੱਜੇ ਪਰ ਧਰਨਾ ਚੁੱਕਵਾਉਣ ’ਚ ਅਸਫਲ ਰਹੇ। ਬਾਅਦ ਵਿੱਚ ਐਸਪੀ (ਡੀ) ਰਵਿੰਦਰਪਾਲ ਸਿੰਘ ਨੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਧਰਨਾਕਾਰੀਆਂ ਨੇ ਇਸ ਸ਼ਰਤ ’ਤੇ ਧਰਨਾ ਚੁੱਕਿਆ ਕਿ ਜੇ ਦੋ ਦਿਨਾਂ ਅੰਦਰ ਕਾਤਲਾਂ ਦੀ ਗ੍ਰਿਫ਼ਤਾਰੀ ਨਾ ਹੋਈ ਤਾਂ 6 ਸਤੰਬਰ ਨੂੰ ਮੁੜ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਜਸਵੀਰ ਸਿੰਘ ਰਾਜਾ, ਹਰਮੀਤ ਸਿੰਘ ਔਲਖ, ਕਮਲਜੀਤ ਸਿੰਘ ਕੁਲਾਰ, ਮ੍ਰਿਤਕ ਦੇ ਪਿਤਾ ਕਸ਼ਮੀਰ ਸਿੰਘ, ਗੁਰਪਿੰਦਰ ਸਿੰਘ ਨਾਰੀਅਲ, ਬਲਾਕ ਸੰਮਤੀ ਮੈਂਬਰ ਹਰਜੋਤ ਕੌਰ, ਹਰਦੀਪ ਸਿੰਘ ਭੁੱਟੋ, ਰਣਜੀਤ ਸਿੰਘ ਘੋਲਾ, ਸੁਰਿੰਦਰ ਸਿੰਘ, ਕਰਨੈਲ ਸਿੰਘ, ਮਨਜੋਤ ਸਿੰਘ ਤਲਵੰਡੀ, ਕਰਮਜੀਤ ਸਿੰਘ, ਅਰਵਿੰਦਰ ਸਿੰਘ, ਮਨਿੰਦਰ ਸਿੰਘ, ਅਮਰਜੀਤ ਸਿੰਘ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ ਆਦਿ ਮੌਜੂਦ ਸਨ।