ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਪਰੈਲ
ਕੇਂਦਰੀ ਖ਼ੁਰਾਕ ਮੰਤਰਾਲੇ ਦੀਆਂ ਟੀਮਾਂ ਵੱਲੋਂ ਦੋ ਦਿਨਾਂ ਦੌਰਾਨ ਪੰਜਾਬ ਦੇ ਖ਼ਰੀਦ ਕੇਂਦਰਾਂ ’ਚੋਂ ਲਏ ਕਣਕ ਦੇ ਲਏ ਨਮੂਨਿਆਂ ਦੀ ਜਾਂਚ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਬੇਸ਼ੱਕ ਕੇਂਦਰੀ ਟੀਮ ਨੇ ਇਹ ਜਾਂਚ ਨਤੀਜੇ ਕੇਂਦਰੀ ਖ਼ੁਰਾਕ ਮੰਤਰਾਲੇ ਨੂੰ ਲਿਖਤੀ ਰੂਪ ਵਿਚ ਸੌਂਪਣੇ ਹਨ ਪਰ ਅਹਿਮ ਸੂਤਰਾਂ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਦੋਆਬੇ ਵਿੱਚ ਕਣਕ ਦੇ ਦਾਣੇ ਸੁੰਗੜਨ ਦੀ ਪੁਸ਼ਟੀ ਹੋ ਗਈ ਹੈ। ਜਲੰਧਰ ਤੇ ਕਪੂਰਥਲਾ ਦੀਆਂ ਮੰਡੀਆਂ ’ਚੋਂ ਲਏ ਕਣਕ ਦੇ ਨਮੂਨੇ ਦੇਰ ਸ਼ਾਮ ਜਾਂਚੇ ਗਏ ਹਨ। ਸੂਤਰਾਂ ਅਨੁਸਾਰ ਭਾਰਤੀ ਖ਼ੁਰਾਕ ਨਿਗਮ ਦੀ ਜਲੰਧਰ ਲੈਬ ’ਚ ਹੋਈ ਜਾਂਚ ’ਚ ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਕਣਕ ਦੇ ਦਾਣੇ ਸੁੰਗੜਨ ਦੀ ਔਸਤ ਦਰ 13 ਤੋਂ 14 ਫ਼ੀਸਦੀ ਸਾਹਮਣੇ ਆਈ ਹੈ ਜਦਕਿ ਕੇਂਦਰੀ ਮਾਪਦੰਡਾਂ ਅਨੁਸਾਰ ਇਹ ਦਰ ਛੇ ਫ਼ੀਸਦੀ ਹੋਣੀ ਚਾਹੀਦੀ ਹੈ। ਕਈ ਮੰਡੀਆਂ ਦੇ ਨਮੂਨਿਆਂ ਵਿਚ ਇਹ ਦਰ 20 ਫ਼ੀਸਦੀ ਦੇ ਕਰੀਬ ਵੀ ਰਹੀ ਹੈ। ਸੰਗਰੂਰ ਤੇ ਬਠਿੰਡਾ ਲੈਬ ਵਿਚ ਵੀ ਅੱਜ ਕਣਕ ਦੇ ਨਮੂਨਿਆਂ ਦਾ ਮੁਲਾਂਕਣ ਕੀਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਦਾਣੇ ਸੁੰਗੜਨ ਦੀ ਦਰ ਉੱਚੀ ਪਾਈ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਦੌਰੇ ’ਤੇ ਆਈਆਂ ਪੰਜ ਕੇਂਦਰੀ ਟੀਮਾਂ ਨੇ ਪਹਿਲਾਂ ਪੰਜਾਬ ਦੇ 17 ਜ਼ਿਲ੍ਹਿਆਂ ਦਾ ਦੌਰਾ ਕਰਨਾ ਸੀ ਪਰ ਹੁਣ ਪਤਾ ਲੱਗਾ ਹੈ ਕਿ ਟੀਮਾਂ ਨੇ ਸਮੁੱਚੇ ਪੰਜਾਬ ’ਚੋਂ ਕਣਕ ਦੇ ਨਮੂਨੇ ਲੈਣ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਟੀਮਾਂ ਹੁਣ ਭਲਕੇ ਪੰਜ ਹੋਰ ਜ਼ਿਲ੍ਹਿਆਂ ਦਾ ਦੌਰਾ ਕਰਨਗੀਆਂ। ਟੀਮਾਂ ਨੇ ਅੱਜ ਮਾਨਸਾ ਤੇ ਬਰਨਾਲਾ ਦੇ ਖ਼ਰੀਦ ਕੇਂਦਰਾਂ ’ਚੋਂ ਵੀ ਕਣਕ ਦੇ ਨਮੂਨੇ ਭਰੇ ਹਨ।
ਕਿਸਾਨਾਂ ਨੂੰ ਪਹਿਲਾਂ ਹੀ ਗਰਮੀ ਕਰਕੇ ਫ਼ਸਲ ਦੇ ਘਟੇ ਝਾੜ ਨੇ ਮਾਲੀ ਝਟਕਾ ਦੇ ਦਿੱਤਾ ਹੈ ਤੇ ਦੂਜੇ ਪਾਸੇ ਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚ ਪਏ ਹਲਕੇ ਮੀਂਹ ਨੇ ਵੀ ਕਿਸਾਨਾਂ ਦੇ ਫ਼ਿਕਰ ਵਧਾ ਦਿੱਤੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕੇਂਦਰ ਸਰਕਾਰ ਕਿਸਾਨਾਂ ਦੇ ਖ਼ਰਚੇ ਦੀ ਭਰਪਾਈ ਲਈ ਫ਼ੌਰੀ ਨਿਯਮਾਂ ਵਿਚ ਛੋਟ ਦੇਵੇ ਅਤੇ ਮੁਆਵਜ਼ੇ ਦਾ ਐਲਾਨ ਕਰੇ।
ਅਦਾਇਗੀ 48 ਘੰਟਿਆਂ ਵਿਚ: ਸਕੱਤਰ
ਖ਼ੁਰਾਕ ਤੇ ਸਪਲਾਈ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਦਾ ਕਹਿਣਾ ਸੀ ਕਿ ਕੇਂਦਰੀ ਟੀਮਾਂ ਨੇ 17 ਜ਼ਿਲ੍ਹਿਆਂ ਵਿਚ ਨਮੂਨੇ ਲੈਣ ਦਾ ਕੰਮ ਮੁਕੰਮਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਨਮੂਨਿਆਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਹੁਣ ਤੱਕ 33 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ 48 ਘੰਟਿਆਂ ਅੰਦਰ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਕੀਤੀ ਜਾ ਰਹੀ ਹੈ।
ਕਣਕ ’ਚੋਂ ਪੰਦਰਾਂ ਸੌ ਰੁਪਏ ਕੁਇੰਟਲ ਮੁਨਾਫ਼ਾ ਕਮਾ ਰਿਹੈ ਕੇਂਦਰ: ਸਿੱਧੂ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੋਂ ਦੀ ਅਨਾਜ ਮੰਡੀ ਦਾ ਦੌਰਾ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਕਿਸਾਨਾਂ ਕੋਲੋਂ 2000 ਰੁਪਏ ਪ੍ਰਤੀ ਕੁਇੰਟਲ ਕਣਕ ਖਰੀਦ ਕੇ ਕੌਮਾਂਤਰੀ ਬਾਜ਼ਾਰ ਵਿੱਚ 3500 ਰੁਪਏ ਵੇਚ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੇ ਮੁਨਾਫ਼ੇ ’ਚੋਂ ਘੱਟੋ-ਘੱਟ 500 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਦਿੱਤਾ ਜਾਵੇ। ਉਨ੍ਹਾਂ ਆਖਿਆ ਕਿ ਜੇਕਰ ਕੇਂਦਰ ਸਰਕਾਰ ਫ਼ਸਲਾਂ ਦੇ ਸਮਰਥਨ ਮੁੱਲ ਵਿੱਚ 5 ਰੁਪਏ ਵਾਧਾ ਕਰਦੀ ਹੈ ਤਾਂ ਉਹ ਕਿਸਾਨਾਂ ਕੋਲੋਂ ਡੀਜ਼ਲ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੇ ਭਾਅ ਵਧਾ ਕੇ 50 ਰੁਪਏ ਵਸੂਲਦੀ ਹੈ, ਜੋ ਕਿਸਾਨਾਂ ਨਾਲ ਧੱਕਾ ਹੈ। ਸ੍ਰੀ ਸਿੱਧੂ ਨੇ ਆਖਿਆ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਪੈਟਰੋਲ ਤੇ ਡੀਜ਼ਲ ਦੇ 10 ਰੁਪਏ ਤੱਕ ਰੇਟ ਘਟਾ ਕੇ ਸੂਬੇ ਦੇ ਲੋਕਾਂ ਨੂੰ ਰਾਹਤ ਦਿੱਤੀ ਗਈ ਸੀ ਅਤੇ ਹੁਣ ‘ਆਪ’ ਸਰਕਾਰ ਵੀ ਤੇਲ ਕੀਮਤਾਂ ਘਟਾਵੇ। ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਅਰੁਣ ਸੇਖੜੀ ਤੇ ਨਾਜ਼ਰ ਸਿੰਘ ਮਾਨਸ਼ਾਹੀਆ, ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੈ ਕਾਲੜਾ, ਪਾਵਰਕੌਮ ਦੇ ਡਾਇਰੈਕਟਰ ਕਰਨਵੀਰ ਸਿੰਘ ਢਿੱਲੋਂ, ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਕੁੰਦਰਾ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਹਾਜ਼ਰ ਸਨ।
ਸਿੱਧੂ ਦੀ ਫੇਰੀ ਦੌਰਾਨ ਗੈਰ-ਹਾਜ਼ਰ ਰਹੇ ਆਗੂ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮਾਛੀਵਾੜਾ ਫੇਰੀ ਦੌਰਾਨ ਕਾਂਗਰਸ ਦੀ ਧੜੇਬੰਦੀ ਸਪਸ਼ਟ ਦਿਖਾਈ ਦਿੱਤੀ। ਇਸ ਦੌਰਾਨ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਸਮਰਥਕ ਤਾਂ ਦੇਖੇ ਗਏ ਪਰ ਇਸ ਹਲਕੇ ਤੋਂ ਚੋਣ ਲੜ ਚੁੱਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਉਨ੍ਹਾਂ ਦੇ ਸਮਰਥਕ ਕਿਧਰੇ ਨਜ਼ਰ ਨਾ ਆਏ। ਹਲਕਾ ਸਮਰਾਲਾ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਸ੍ਰੀ ਸਿੱਧੂ ਦੀ ਇਸ ਫੇਰੀ ਨਾਲ ਕਾਂਗਰਸ ਪਾਰਟੀ ਦਾ ਕੋਈ ਸਬੰਧ ਨਹੀਂ ਕਿਉਂਕਿ ਜੇਕਰ ਇਹ ਪਾਰਟੀ ਵੱਲੋਂ ਰੱਖਿਆ ਗਿਆ ਪ੍ਰੋਗਰਾਮ ਹੁੰਦਾ ਤਾਂ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਹੋਣ ਦੇ ਨਾਤੇ ਉਹ ਜ਼ਰੂਰ ਸ਼ਮੂਲੀਅਤ ਕਰਦੇ।