ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਮਾਰਚ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸੰਘੀ ਢਾਂਚੇ ਨੂੰ ਖ਼ਤਮ ਕਰਕੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰ ਰਹੀ ਹੈ। ਕੇਂਦਰ ਨੇ ਹਾਲ ਹੀ ਵਿਚ ਬੀਬੀਐਮਬੀ ਵਿਚੋਂ ਪੰਜਾਬ ਦੀ ਸਥਾਈ ਮੈਂਬਰਸ਼ਿਪ ਨੂੰ ਰੱਦ ਕਰਕੇ ਆਪਣਾ ਪੰਜਾਬ ਵਿਰੋਧੀ ਚਿਹਰਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਪੰਜਾਬ ਦੇ ਖੋਹੇ ਹੋਏ ਹੱਕ ਵਾਪਸ ਲਿਆਉਣਗੇ। ਸ੍ਰੀ ਬਾਦਲ ਨੇ ਅੱਜ ਪਟਿਆਲਾ ਜੇਲ੍ਹ ਵਿਚ ਬੰਦ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕੀਤਾ।
ਸ੍ਰੀ ਬਾਦਲ ਨੇ ਕਿਹਾ ਹੈ ਕਿ ਬੀਬੀਐਮਬੀ ਪੰਜਾਬ ਦਾ ਆਪਣਾ ਹੱਕ ਹੈ, ਕੇਂਦਰ ਸਰਕਾਰ ਇਸ ਨੂੰ ਕਿਸੇ ਵੀ ਹਾਲਤ ਵਿਚ ਖੋਹ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਯੂਕਰੇਨ ਵਿਚ ਫਸੇ ਪੰਜਾਬੀਆਂ ਪ੍ਰਤੀ ਗੰਭੀਰ ਨਜ਼ਰ ਨਹੀਂ ਆ ਰਹੀ ਕਿਉਂਕਿ ਅਜੇ ਤੱਕ ਕੋਈ ਹੈਲਪ ਡੈਸਕ ਸਥਾਪਤ ਨਹੀਂ ਕੀਤਾ ਗਿਆ ਨਾ ਹੀ ਕੋਈ ਹੈਲਪ ਲਾਈਨ ਹੀ ਜਾਰੀ ਕੀਤੀ ਗਈ ਹੈ ਜੇਕਰ ਬੱਚੇ ਉੱਥੋਂ ਆਪਣਾ ਹਾਲ ਦੱਸਣ ਲਈ ਕਿਸੇ ਨਾਲ ਸੰਪਰਕ ਕਰਨਾ ਚਾਹੁੰਦੇ ਹਨ ਤਾਂ ਕਿਸ ਨਾਲ ਕਰਨ। ਉਨ੍ਹਾਂ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪਹਿਲਾਂ ਪੰਜਾਬ ਦੀਆਂ ਫ਼ਸਲਾਂ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਸੀ ਪਰ ਪੰਜਾਬ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ, ਹੁਣ ਫੇਰ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ ਪਰ ਇਸ ਵਾਰ ਵੀ ਕੋਈ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ, ਖੇਤੀਬਾੜੀ ਸਕੱਤਰ ਤੇ ਖੇਤੀਬਾੜੀ ਯੂਨੀਵਰਸਿਟੀ ਨੂੰ ਚਾਹੀਦਾ ਹੈ ਕਿ ਪੀੜਤ ਕਿਸਾਨਾਂ ਦੀ ਸਾਰ ਲਵੇ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ 10 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ 80 ਸੀਟਾਂ ਲੈ ਕੇ ਸਰਕਾਰ ਬਣਾਏਗੀ। ਬਿਕਰਮ ਮਜੀਠੀਆ ਦੇ ਮਾਮਲੇ ’ਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉੱਪ ਮੁੱਖ ਮੰਤਰੀ ਸੁਖੀ ਰੰਧਾਵਾ ਨੇ ਇਹ ਝੂਠਾ ਕੇਸ ਦਰਜ ਕਰਵਾਇਆ ਹੈ ਪਰ ਸਾਰੀ ਪਾਰਟੀ ਬਿਕਰਮ ਮਜੀਠੀਆ ਨਾਲ ਖੜ੍ਹੀ ਹੈ ਤੇ ਉਨ੍ਹਾਂ ਨੂੰ ਅਦਾਲਤ ’ਤੇ ਪੂਰਾ ਵਿਸ਼ਵਾਸ ਹੈ।
ਸੁਖਬੀਰ ਤੇ ਹਰਸਿਮਰਤ ਵੱਲੋਂ ਮਜੀਠੀਆ ਨਾਲ ਮੁਲਾਕਾਤ
ਪਟਿਆਲਾ (ਸਰਬਜੀਤ ਸਿੰਘ ਭੰਗੂ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਜੇਲ੍ਹ ਨਿਯਮਾਂ ਮੁਤਾਬਕ ਖਾਣ-ਪੀਣ ਵਾਲੀ ਕੋਈ ਵਸਤੂ ਬਾਹਰੋਂ ਅੰਦਰ ਨਹੀਂ ਲਿਆਂਦੀ ਜਾ ਸਕਦੀ, ਜਿਸ ਕਰਕੇ ਉਨ੍ਹਾਂ ਨੇ ਇੱਕ-ਦੂਜੇ ਨੂੰ ਵਧਾਈਆਂ ਦੇ ਕੇ ਹੀ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ। ਜੇਲ੍ਹ ਵਿਚਲੇ ਇਕ ਕਮਰੇ ’ਚ ਹੋਈ ਇਹ ਮੁਲਾਕਾਤ ਕਰੀਬ ਦੋ ਘੰਟੇ ਚੱਲੀ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਪਰਿਵਾਰਕ ਗੱਲਬਾਤ ਕੀਤੀ, ਉਥੇ ਹੀ ਵੋਟਾਂ ਬਾਰੇ ਵੀ ਚਰਚਾ ਕੀਤੀ। ਇਸ ਦੌਰਾਨ ਮਜੀਠੀਆ ਖ਼ਿਲਾਫ਼ ਦਰਜ ਕੇਸ ਸਬੰਧੀ ਹਾਈ ਕੋਰਟ ’ਚ ਜ਼ਮਾਨਤ ਅਰਜ਼ੀ ਦਾਇਰ ਕਰਨ ਬਾਰੇ ਵੀ ਵਿਚਾਰਾਂ ਹੋਈਆਂ। ਮਜੀਠੀਆ ਨਾਲ ਮੁਲਾਕਾਤ ਮਗਰੋਂ ਸਖਬੀਰ ਅਤੇ ਹਰਸਿਮਰਤ ਨੇ ਕਥਿਤ ਤੌਰ ’ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਵੀ ਮੁਲਾਕਾਤ ਕੀਤੀ, ਜੋ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਤਹਿਤ 1995 ਤੋਂ ਜੇਲ੍ਹ ਵਿਚ ਬੰਦ ਹੈ। ਰਾਜੋਆਣਾ ਨੂੰ ਉਹ 15 ਕੁ ਮਿੰਟ ਹੀ ਮਿਲੇ। ਅਧਿਕਾਰਤ ਤੌਰ ’ਤੇ ਕਿਸੇ ਵੀ ਅਧਿਕਾਰੀ ਵੱਲੋਂ ਇਸ ਮੁਲਾਕਾਤ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਮਿਆਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਜੋਆਣਾ ਨਾਲ ਮੁਲਾਕਾਤ ਦੌਰਾਨ ਬਿਕਰਮ ਮਜੀਠੀਆ ਵੀ ਮੌਜੂਦ ਸਨ।