ਚਰਨਜੀਤ ਭੁੱਲਰ
ਚੰਡੀਗੜ੍ਹ, 3 ਦਸੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਨਾਲ ਪੈਦਾ ਹੋਈ ਸਥਿਤੀ ਦੇ ਜਲਦੀ ਹੱਲ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅੱਜ ਮੀਟਿੰਗ ਕੀਤੀ ਜਿਸ ’ਚ ਉਨ੍ਹਾਂ ਖੇਤੀ ਕਾਨੂੰਨਾਂ ’ਤੇ ਆਪਣਾ ਸਟੈਂਡ ਵੀ ਦੁਹਰਾਇਆ। ਉਨ੍ਹਾਂ ਸ੍ਰੀ ਸ਼ਾਹ ਨੂੰ ਅਪੀਲ ਕੀਤੀ ਕਿ ਕੇਂਦਰ ਇਸ ਪੇਚੀਦਾ ਮਸਲੇ ਦਾ ਛੇਤੀ ਹੱਲ ਕੱਢੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ’ਤੇ ਲਏ ਸਟੈਂਡ ਨੂੰ ਮੁੜ ਵਿਚਾਰੇ। ਇਹ ਮੁਲਾਕਾਤ ਉਸ ਸਮੇਂ ਹੋਈ ਹੈ ਜਦੋਂ ਕੇਂਦਰੀ ਮੰਤਰੀਆਂ ਵੱਲੋਂ ਕਿਸਾਨ ਧਿਰਾਂ ਨਾਲ ਚੌਥੇ ਗੇੜ ਦੀ ਗੱਲਬਾਤ ਸ਼ੁਰੂ ਕੀਤੀ ਗਈ। ਕੈਪਟਨ ਨੇ ਕਿਸਾਨਾਂ ਨੂੰ ਵੀ ਸਮੱਸਿਆ ਦੇ ਫੌਰੀ ਹੱਲ ਲਈ ਰਾਹ ਲੱਭਣ ਦੀ ਅਪੀਲ ਕੀਤੀ ਹੈ ਕਿਉਂਕਿ ਮੌਜੂਦਾ ਹਾਲਾਤ ਨਾਲ ਸੂਬੇ ਦੇ ਅਰਥਚਾਰੇ ’ਤੇ ਅਸਰ ਪੈਣ ਦੇ ਨਾਲ ਨਾਲ ਕੌਮੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਹੋਇਆ ਹੈ। ਉਨ੍ਹਾਂ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਕਿਸਾਨਾਂ ਦੇ ਸਰੋਕਾਰ ਸੁਲਝਾਉਣ ਨੂੰ ਯਕੀਨੀ ਬਣਾਏ। ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨਾਲ ਮੀਟਿੰਗ ਮਗਰੋਂ ਸੰਖੇਪ ਗੱਲਬਾਤ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਭਾਵੇਂ ਉਹ ਅਤੇ ਉਨ੍ਹਾਂ ਦੀ ਸਰਕਾਰ ਵਿਚੋਲਗੀ ਲਈ ਕਿਸੇ ਵੀ ਤਰ੍ਹਾਂ ਸ਼ਾਮਲ ਨਹੀਂ ਹੈ ਅਤੇ ਮਸਲੇ ਨੂੰ ਕੇਂਦਰ ਸਰਕਾਰ ਅਤੇ ਕਿਸਾਨਾਂ ਵੱਲੋਂ ਹੱਲ ਕੀਤਾ ਜਾਣਾ ਹੈ ਪਰ ਇਸ ਦਾ ਛੇਤੀ ਹੱਲ ਪੰਜਾਬ ਅਤੇ ਮੁਲਕ, ਦੋਵਾਂ ਦੇ ਹਿੱਤ ਵਿੱਚ ਹੈ। ਕੈਪਟਨ ਨੇ ਕਿਹਾ,‘‘ਮਸਲੇ ਦਾ ਛੇਤੀ ਹੱਲ ਲੱਭਣਾ ਹੋਵੇਗਾ। ਮੈਂ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਆਇਆ ਹਾਂ ਤਾਂ ਜੋ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਪੈਦਾ ਹੋਈ ਪੇਚੀਦਗੀ ਦੇ ਨਾਲ-ਨਾਲ ਕਿਸਾਨ ਭਾਈਚਾਰੇ ਅਤੇ ਖੇਤੀ ਸੈਕਟਰ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਪੰਜਾਬ ਦੇ ਪੱਖ ਨੂੰ ਮੁੜ ਰੱਖਿਆ ਜਾ ਸਕੇ।’’ ਘੱਟੋ-ਘੱਟ ਸਮਰਥਨ ਮੁੱਲ ਨੂੰ ਸੁਰੱਖਿਅਤ ਬਣਾਉਣ ਅਤੇ ਮੰਡੀ ਪ੍ਰਣਾਲੀ ’ਤੇ ਅਧਾਰਿਤ ਏਪੀਐੱਮਸੀ ਨੂੰ ਜਾਰੀ ਰੱਖਣ ਦੀ ਲੋੜ ਉਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਸ੍ਰੀ ਸ਼ਾਹ ਨੂੰ ਮਸਲੇ ਦੇ ਫੌਰੀ ਹੱਲ ਲਈ ਕਿਸਾਨਾਂ ਦੀ ਗੱਲ ਖੁੱਲ੍ਹੇ ਮਨ ਨਾਲ ਸੁਣਨ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਤੇ ਹੋਰ ਸੂਬਿਆਂ ਤੋਂ ਸ਼ਾਮਲ ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਕਿਸਾਨ ਆਪੋ-ਆਪਣੇ ਘਰਾਂ ਨੂੰ ਪਰਤ ਸਕਣ।