ਜਗਮੋਹਨ ਸਿੰਘ
ਘਨੌਲੀ, 19 ਨਵੰਬਰ
ਅੰਬੂਜਾ ਸੀਮਿੰਟ ਫੈਕਟਰੀ ਦੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਸੰਘਰਸ਼ ਕਰ ਰਹੇ ਵਾਤਾਵਰਣ ਪ੍ਰੇਮੀ ਰਾਜਿੰਦਰ ਸਿੰਘ ਘਨੌਲਾ ਨੇ ਹੁਣ ਨੈਸ਼ਨਲ ਗਰੀਨ ਟ੍ਰਿਬਿਊਨਲ ਤੋਂ ਬਾਅਦ ਅੰਬੂਜਾ ਸੀਮਿੰਟ ਫੈਕਟਰੀ ਦੀ ਹਿੱਸੇਦਾਰੀ ਖਰੀਦਣ ਵਾਲੀ ਕੰਪਨੀ ਲਫਾਰਜ਼ ਹੋਲਸਿਨ ਦੇ ਦੇਸ਼ ਸਵਿੱਟਰਜ਼ਲੈਂਡ ਦੀ ਐਨਜੀਓ ਨੂੰ ਸੱਦ ਕੇ ਫੈਕਟਰੀ ਦੇ ਪ੍ਰਦੂਸ਼ਣ ਖਿਲਾਫ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਾਜਿੰਦਰ ਸਿੰਘ ਘਨੌਲਾ ਨੇ ਦੱਸਿਆ ਕਿ ਅੰਬੂਜਾ ਸੀਮਿੰਟ ਫੈਕਟਰੀ ਦਬੁਰਜੀ ਵੱਲੋਂ ਪ੍ਰਦੂਸ਼ਣ ਵਿਭਾਗ ਦੁਆਰਾ ਜਾਰੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾਂਦੀ, ਜਿਸ ਕਰਕੇ ਇਲਾਕੇ ਦੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਐੱਨਜੀਟੀ ਵਿੱਚ ਕੇਸ ਦਾਇਰ ਕਰਨ ਤੋਂ ਇਲਾਵਾ ਅਨੇਕਾਂ ਵਾਰ ਪ੍ਰਦੂਸ਼ਣ ਵਿਭਾਗ, ਡਿਪਟੀ ਕਮਿਸ਼ਨਰ ਅਤੇ ਹੋਰ ਵੱਖ ਵੱਖ ਵਿਭਾਗਾਂ ਨੂੰ ਸ਼ਿਕਾਇਤ ਪੱਤਰ ਭੇਜ ਕੇ ਦੱਸਿਆ ਜਾ ਚੁੱਕਿਆ ਹੈ ਤੇ ਹੁਣ ਅੰਬੂਜਾ ਫੈਕਟਰੀ ਦੀ ਹਿੱਸੇਦਾਰੀ ਖਰੀਦਣ ਵਾਲੇ ਮਾਲਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਆਪਣੀ ਗੱਲ ਸਮਝਾਉਣ ਲਈ ਵਾਤਾਵਰਣ ਪ੍ਰੇਮੀ ਸੰਸਥਾ ਗਰੀਨਪੀਸ ਰਾਹੀਂ ਸਵਿੱਟਜ਼ਰਲੈਂਡ ਦਾ ਮੀਡੀਆ ਸੱਦ ਕੇ ਉੱਥੋਂ ਦੇ ਸੋਸ਼ਲ ਮੀਡੀਆ ਅਤੇ ਟੀ.ਵੀ. ਦੇ ਮਾਧਿਅਮ ਰਾਹੀਂ ਅੰਬੂਜਾ ਫੈਕਟਰੀ ਦੇ ਪ੍ਰਦੂਸ਼ਣ ਸਬੰਧੀ ਖ਼ਬਰਾਂ ਪ੍ਰਸਾਰਿਤ ਕਰਵਾਈਆਂ ਹਨ ਤਾਂ ਕਿ ਫੈਕਟਰੀ ਦੀ ਹਿੱਸੇਦਾਰੀ ਖਰੀਦਣ ਵਾਲੇ ਹਿੱਸੇਦਾਰ ਮਾਲਕਾਂ ਨੂੰ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪਤਾ ਲੱਗੇ। ਉਨ੍ਹਾਂ ਦੱਸਿਆ ਕਿ ਗਰੀਨਪੀਸ ਸੰਸਥਾ ਦੇ ਪ੍ਰਤੀਨਿਧੀਆਂ ਅਤੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਨਾਲ ਲੈ ਕੇ ਕੁਝ ਦਿਨ ਪਹਿਲਾਂ ਅੰਬੂਜਾ ਸੀਮਿੰਟ ਫੈਕਟਰੀ ਅਤੇ ਨੇੜਲੇ ਖੇਤਰ ਦਾ ਦੌਰਾ ਕਰਕੇ ਵਿਸ਼ੇਸ਼ ਮਸ਼ੀਨਾਂ ਦੀ ਮੱਦਦ ਨਾਲ ਪ੍ਰਦੂਸ਼ਣ ਸਬੰਧੀ ਅੰਕੜੇ ਇਕੱਤਰ ਕਰਕੇ ਸਵਿਟਜ਼ਰਲੈਂਡ ਵਿੱਚ ਖ਼ਬਰਾਂ ਪ੍ਰਸਾਰਿਤ ਕੀਤੀਆਂ ਹਨ।
ਕੈਪਸ਼ਨ: ਸਵਿੱਟਜ਼ਰਲੈਂਡ ਦੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਾਤਾਵਰਣ ਪ੍ਰੇਮੀ ਰਾਜਿੰਦਰ ਸਿੰਘ ਘਨੌਲਾ।