ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਫਰਵਰੀ
ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਧਿਰਾਂ ਨੇ ਅੱਜ ‘ਕਿਸਾਨ ਇਕਜੁੱਟਤਾ ਦਿਵਸ’ ਮਨਾਇਆ, ਜੋ ਸਰ ਛੋਟੂ ਰਾਮ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਸਥਾਨਕ ਭੰਡਾਰੀ ਪੁਲ ’ਤੇ ਇਕੱਠੇ ਹੋਏ ਕਿਸਾਨਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਸਰ ਛੋਟੂ ਰਾਮ ਨੂੰ ਯਾਦ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕਿਸਾਨ ਭਲਾਈ ਕਾਰਜਾਂ ਨੂੰ ਸਮਰਪਿਤ ਕੀਤੀ। ਉਨ੍ਹਾਂ ਕਰਜ਼ਾ ਮੁਆਫ਼ੀ, ਅਨਾਜ ਲਈ ਖੁੱਲ੍ਹੀਆਂ ਮੰਡੀਆਂ ਦਾ ਪ੍ਰਬੰਧ ਕਰਨ ਅਤੇ ਕਿਸਾਨੀ ਸੁਧਾਰ ਲਈ ਕਈ ਕਾਰਜ ਕੀਤੇ ਤੇ ਖੇਤੀ ਮੰਤਰੀ ਵੀ ਰਹੇ। ਮੌਜੂਦਾ ਦੌਰ ਵਿੱਚ ਜਦੋਂ ਫਾਸ਼ੀਵਾਦੀ ਸਰਕਾਰਾਂ ਦੀਆਂ ਨੀਤੀਆਂ ਕਾਰਨ ਕਿਸਾਨ ਸਭ ਤੋਂ ਵੱਧ ਕਰਜ਼ਈ ਹੋ ਗਏ ਹਨ, ਉਨ੍ਹਾਂ ਦੇ ਸਮੇਂ ਨੂੰ ਯਾਦ ਕਰਨਾ ਹੋਰ ਵੀ ਜ਼ਰੂਰੀ ਹੈ। ਹੁਣ ਨਵੇਂ ਕਾਨੂੰਨਾਂ ਤਹਿਤ ਖੇਤੀ ਮੰਡੀਆਂ ਖੋਹੀਆਂ ਜਾ ਰਹੀਆਂ ਹਨ ਅਤੇ ਪ੍ਰਾਈਵੇਟ ਮੰਡੀਆਂ ਲਿਆਂਦੀਆਂ ਜਾ ਰਹੀਆਂ ਹਨ।
ਬੁਲਾਰਿਆਂ ਨੇ ਸਰ ਛੋਟੂ ਰਾਮ ਨੂੰ ਸ਼ਰਧਾਂਜਲੀ ਦਿੱਤੀ ਅਤੇ ਖੇਤੀ ਕਾਨੂੰਨ ਰੱਦ ਕਰਨ, ਬਿਜਲੀ ਐਕਟ 2020 ਅਤੇ ਪ੍ਰਦੂਸ਼ਣ ਐਕਟ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਇਹ ਕਾਨੂੰਨ ਵਾਪਸ ਹੋਣ ਤਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਰਤਨ ਸਿੰਘ ਰੰਧਾਵਾ, ਲਖਬੀਰ ਸਿੰਘ, ਹਰਜੀਤ ਸਿੰਘ, ਦਰਬਾਰਾ ਸਿੰਘ ਹਾਜ਼ਰ ਸਨ। ਸਕੂਲੀ ਵਿਦਿਆਰਥੀਆਂ ਨੇ ਵੀ ਇੱਥੇ ਲਾਰੇਂਸ ਰੋਡ ਚੌਕ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਵਿਖਾਵਾ ਕੀਤਾ।