ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਜੂਨ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਦੇਸ਼ ਭਰ ਦੇ ਅਧਿਆਪਕਾਂ ਨੂੰ ਦਿੱਤੇ ਜਾਣ ਵਾਲੇ ਕੌਮੀ ਐਵਾਰਡ ਦਾ ਢੰਗ ਬਦਲ ਦਿੱਤਾ ਹੈ। ਇਸ ਵਾਰ ਅਧਿਆਪਕਾਂ ਨੂੰ ਆਨਲਾਈਨ ਹੀ ਅਪਲਾਈ ਕਰਨ ਲਈ ਕਿਹਾ ਹੈ। ਪੰਜਾਹ ਹਜ਼ਾਰ ਰੁਪਏ ਨਕਦ ਤੇ ਮੈਰਿਟ ਸਰਟੀਫਿਕੇਟ ਵਾਲੇ ਇਹ ਐਵਾਰਡ 32 ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਦਿੱਤੇ ਜਾਣਗੇ, ਜਿਨ੍ਹਾਂ ਲਈ 20 ਜੂਨ ਤੱਕ ਦਰਖਾਸਤ ਦਿੱਤੀ ਜਾ ਸਕਦੀ ਹੈ। ਸੀਬੀਐਸਈ ਨੇ ਦੱਸਿਆ ਹੈ ਕਿ ਕੌਮੀ ਅਧਿਆਪਕ ਐਵਾਰਡ ਸਿਰਫ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਹੀ ਦਿੱਤੇ ਜਾਣਗੇ। ਪਹਿਲਾਂ ਇਨ੍ਹਾਂ ਐਵਾਰਡਾਂ ਦੀ ਗਿਣਤੀ 65 ਸੀ, ਜੋ ਹੁਣ 32 ਹੋ ਗਈ ਹੈ। ਇਸ ਵਰ੍ਹੇ 31 ਮਾਰਚ ਤੱਕ ਪੜ੍ਹਾਉਣ ਵਾਲੇ ਸਾਰੇ ਅਧਿਆਪਕ ਇਸ ਐਵਾਰਡ ਲਈ ਦਰਖਾਸਤ ਦੇ ਸਕਦੇ ਹਨ। ਇਸ ਸਬੰਧੀ ਅਧਿਆਪਕ ਆਪਣੀ ਸੰਖੇਪ ਜਾਣਕਾਰੀ ਅਪਲੋਡ ਕਰਨਗੇ ਤੇ ਸ਼ਾਰਟਲਿਸਟ ਹੋਣ ’ਤੇ ਆਪਣੀਆਂ ਪ੍ਰਾਪਤੀਆਂ ਤੇ ਦਸਤਾਵੇਜ਼ ਸਕੈਨ ਅਤੇ ਵੈਰੀਫਾਈ ਕਰਵਾ ਕੇ ਵੈੱਬਸਾਈਟ ’ਤੇ ਅਪਲੋਡ ਕਰਨਗੇ। ਸੀਬੀਐੱਸਈ ਮੁਹਾਲੀ ਦੇ ਅਧਿਕਾਰੀ ਸ਼ਿਆਮ ਕਪੂਰ ਨੇ ਦੱਸਿਆ ਕਿ ਸੀਬੀਐੱਸਈ ਅਧਿਆਪਕ ਐਵਾਰਡ ਵਿੱਚ ਕਟੌਤੀ ਕਰਨ ਦਾ ਫੈ਼ਸਲਾ ਨਵੀਂ ਦਿੱਲੀ ਤੋਂ ਹੀ ਹੋਇਆ ਹੈ ਤੇ ਹਰ ਵਰਗ ਲਈ ਚਾਰ ਗੁਣਾਂ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਪੰਜ ਸਤੰਬਰ ਨੂੰ ਦਿੱਤਾ ਜਾਣ ਵਾਲਾ ਕੌਮੀ ਐਵਾਰਡ ਸਾਲ 2019 ਤੇ 2020 ਵਿੱਚ ਹੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਦਿੱਤਾ ਗਿਆ। ਅਧਿਆਪਕਾਂ ਨੇ ਮੰਗ ਕੀਤੀ ਕਿ ਇਸ ਐਵਾਰਡ ਲਈ ਸਰਕਾਰੀ ਅਧਿਆਪਕਾਂ ਨੂੰ ਵੀ ਵਿਚਾਰਿਆ ਜਾਵੇ।