ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ’ਤੇ ਭ੍ਰਿਸ਼ਟ ਗਤੀਵਿਧੀਆਂ ’ਚ ਸ਼ਮੂਲੀਅਤ ਦਾ ਖ਼ੁਲਾਸਾ ਕਰਨ ਵਾਲੀ ਟੇਪ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਮੰਤਰੀ ਦੀ ਆਪਣੇ ਓਐੱਸਡੀ ਨਾਲ ਹੋਈ ਗੱਲਬਾਤ ਦੀ ਆਡੀਓ ਟੇਪ ਬਾਰੇ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੰਤਰੀ ਕੁਝ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਫਿਰੌਤੀ ਦੀ ਰਕਮ ਹਾਸਲ ਕਰਨ ਦੀ ਯੋਜਨਾ ’ਤੇ ਚਰਚਾ ਕਰਦੇ ਸੁਣੇ ਗਏ ਹਨ। ਉਨ੍ਹਾਂ ਕਿਹਾ ਕਿ ਓਐੱਸਡੀ ਨੇ ਖੁਦ ਇਹ ਗੱਲ ਆਖੀ ਹੈ ਕਿ ਇਹ ਆਡੀਓ ਟੇਪ ਅਸਲੀ ਹੈ ਅਤੇ ਇਹ ਹੁਣ ਸਰਕਾਰ ਦੇ ਹੱਥ ਹੈ ਕਿ ਉਹ ਇਹ ਟੇਪ ਸੀਬੀਆਈ ਨੂੰ ਸੌਂਪ ਕੇ ਜਾਂਚ ਕਰਵਾਉਂਦੀ ਹੈ ਜਾਂ ਨਹੀਂ। ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਸ੍ਰੀ ਸਰਾਰੀ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਅਕਾਲੀ ਆਗੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦੋਹਰੇ ਮਾਪਦੰਡ ਨਹੀਂ ਅਪਣਾਉਣੇ ਚਾਹੀਦੇ। ਉਨ੍ਹਾਂ ਮੰਗ ਕੀਤੀ ਕਿ ਸਰਾਰੀ ਨੂੰ ਤੁਰੰਤ ਬਰਖ਼ਾਸਤ ਕਰ ਕੇ ਕੇਸ ਦਰਜ ਕੀਤਾ ਜਾਵੇ। ਅਕਾਲੀ ਆਗੂ ਨੇ ਮੰਤਰੀ ਸਰਾਰੀ ਦੇ ਗ਼ੈਰਕਾਨੂੰਨੀ ਖਣਨ ਵਿਚ ਸ਼ਾਮਲ ਹੋਣ ਦੇ ਦੋਸ਼ ਵੀ ਲਾਏ ਹਨ। ਬਿਕਰਮ ਮਜੀਠੀਆ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਬਚਾਅ ਲਈ ਪੱਬਾਂ ਭਾਰ ਹੈ ਜਿਨ੍ਹਾਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੇ ਫ਼ੈਸਲੇ ਦਾ ਜਨਤਕ ਤੌਰ ’ਤੇ ਪ੍ਰਚਾਰ ਕੀਤਾ ਸੀ।