ਮਿਹਰ ਸਿੰਘ
ਕੁਰਾਲੀ, 7 ਜੂਨ
ਮਾਜਰੀ ਬਲਾਕ ਦੀ ਸਬ-ਤਹਿਸੀਲ ਵਿੱਚ ਦੋ ਵਕੀਲਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਤੋਂ ਬਗੈਰ ਗੁਰਬਾਣੀ ਦੇ ਅਰਥ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਨੂੰ ਸਤਿਕਾਰ ਸਹਿਤ ਨਾ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲੀਸ ਨੇ ਦੋਵਾਂ ਵਕੀਲਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਹਰਜੀਤ ਸਿੰਘ ਹਰਮਨ, ਮੇਜਰ ਸਿੰਘ ਸੰਗਤਪੁਰਾ, ਰਵਿੰਦਰ ਸਿੰਘ ਵਜੀਦਪੁਰ, ਗੁਰਮੀਤ ਸਿੰਘ ਸ਼ਾਂਟੂ, ਦਲਵਿੰਦਰ ਸਿੰਘ ਬੈਨੀਪਾਲ, ਜਗਜੀਤ ਸਿੰਘ ਜੱਗੀ ਕਾਦੀਮਾਜਰਾ, ਕੁਲਵਿੰਦਰ ਸਿੰਘ ਮੀਆਂਪੁਰ ਚੰਗਰ, ਹਰਜਿੰਦਰ ਸਿੰਘ ਭੰਗੂ, ਗੁਰਪ੍ਰੀਤ ਸਿੰਘ ਕੁਰਾਲੀ, ਸਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਸਬ-ਤਹਿਸੀਲ ਮਾਜਰੀ ਦੇ ਇੱਕ ਕੈਬਿਨ ਵਿੱਚ ਬੈਠੇ ਦੋ ਕਲੀਨਸ਼ੇਵ ਵਕੀਲਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਗ਼ੈਰ-ਸਤਿਕਾਰਤ ਢੰਗ ਨਾਲ ਰੱਖੀਆਂ ਗਈਆਂ ਹਨ। ਉਨ੍ਹਾਂ ਨੂੰ ਪੜ੍ਹਨ ਵੇਲੇ ਵਕੀਲਾਂ ਵੱਲੋਂ ਨਾ ਹੀ ਸਿਰ ਢਕੇ ਜਾਂਦੇ ਸਨ ਅਤੇ ਨਾ ਹੀ ਜੋੜੇ ਖੋਲ੍ਹੇ ਜਾਂਦੇ ਸਨ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਚਰਨਜੀਤ ਸਿੰਘ ਕਾਲੇਵਾਲ ਅਤੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਦੇ ਹੈੱਡ ਗ੍ਰੰਥੀ ਗੁਰਪਾਲ ਸਿੰਘ ਨੂੰ ਮੌਕੇ ’ਤੇ ਭੇਜਿਆ ਗਿਆ। ਡੀਐੱਸਪੀ ਅਮਨਪ੍ਰੀਤ ਸਿੰਘ, ਥਾਣਾ ਮੁਖੀ ਹਿੰਮਤ ਸਿੰਘ ਪੁਲੀਸ ਫੋਰਸ ਸਣੇ ਮੌਕੇ ’ਤੇ ਪੁੱਜ ਗਏ। ਨਾਇਬ ਤਹਿਸੀਲਦਾਰ ਦੀਪਕ ਭਾਰਦਵਾਜ ਵੀ ਮੌਕੇ ’ਤੇ ਪਹੁੰਚ ਗਏ। ਟੀਮ ਨੇ ਦੇਖਿਆ ਤਾਂ ਵਕੀਲਾਂ ਦੇ ਕੈਬਿਨ ਵਿੱਚ ਗੁਰਬਾਣੀ ਦੇ ਅਨੁਵਾਦ ਕੀਤੇ ਸੈਂਕੜੇ ਪੰਨਿਆਂ ਦੇ ਬੰਡਲ ਪਏ ਸਨ।
ਇਸ ਸਬੰਧੀ ਜਦੋਂ ਵਕੀਲਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੱਸਿਆ ਕਿ ਹਾਈ ਕੋਰਟ ਦੇ ਇੱਕ ਵਕੀਲ ਵੱਲੋਂ ਉਨ੍ਹਾਂ ਨੂੰ ਗੁਰਬਾਣੀ ਦੇ ਅਰਥਾਂ ਦਾ ਕੰਮ ਦਿੱਤਾ ਗਿਆ ਹੈ। ਇਸ ਦੌਰਾਨ ਅਰਥਾਂ ਸਬੰਧੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਿਸੇ ਤਰ੍ਹਾਂ ਦੀ ਪ੍ਰਵਾਨਗੀ ਨਹੀਂ ਦਿਖਾ ਸਕੇ। ਇਸ ਸਬੰਧੀ ਕਾਰਵਾਈ ਕਰਦਿਆਂ ਮਾਜਰੀ ਪੁਲੀਸ ਨੇ ਜਗਤਾਰ ਸਿੰਘ ਤੀੜਾ ਅਤੇ ਜਗਤਾਰ ਸਿੰਘ ਚੰਦਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸਜੀਪੀਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਨੇ ਦੱਸਿਆ ਕਿ ਇਸ ਸਬੰਧੀ ਰਿਪੋਰਟ ਸ੍ਰੀ ਅਕਾਲ ਤਖ਼ਤ ਨੂੰ ਭੇਜੀ ਜਾਵੇਗੀ ਅਤੇ ਉੱਥੇ ਦੋਵਾਂ ਵਕੀਲਾਂ ਦਾ ਪੱਖ ਸੁਣਨ ਉਪਰੰਤ ਪੰਥਕ ਫ਼ੈਸਲਾ ਕੀਤਾ ਜਾਵੇਗਾ।