ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 1 ਅਗਸਤ
ਇੱਥੋਂ ਨੇੜਲੇ ਪਿੰਡ ਦਾਦੂ ਵਿੱਚ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਅਤੇ ਭਾਜਪਾ ਆਗੂ ਵਿਜੈ ਸਾਂਪਲਾ ਦੀ ਆਮਦ ਖ਼ਿਲਾਫ਼ ਕਿਸਾਨਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਮਗਰੋਂ ਕਾਲਾਂਵਾਲੀ ਪੁਲੀਸ ਨੇ 21 ਨਾਮਜ਼ਦ ਅਤੇ 700 ਹੋਰਨਾਂ ਕਿਸਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਏਐੱਸਆਈ ਸੁਖਜੀਤ ਸਿੰਘ ਦੀ ਸ਼ਿਕਾਇਤ ’ਤੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਪਰ ਹਾਲੇ ਤੱਕ ਕਿਸੇ ਕਿਸਾਨ ਦੀ ਗ੍ਰਿਫ਼ਤਾਰੀ ਨਹੀਂ ਹੋਈ। ਦੂਜੇ ਪਾਸੇ ਪਿੰਡ ਦਾਦੂ ਦੇ ਵਸਨੀਕਾਂ ਨੇ ਇਕੱਠ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਕਾਲਾਂਵਾਲੀ ਪੁਲੀਸ ਵੱਲੋਂ ਨਾਮਜ਼ਦ 21 ਕਿਸਾਨਾਂ ਵਿੱਚ ਕਿਸਾਨ ਆਗੂ ਗੁਰਦਾਸ ਸਿੰਘ ਲੱਕੜਵਾਲੀ, ਲਖਵਿੰਦਰ ਸਿੰਘ ਔਲਖ, ਦਲੀਪ ਸਿੰਘ ਸਾਬਕਾ ਸਰਪੰਚ ਦਾਦੂ, ਰੁਲਦੂ ਸਿੰਘ ਮਾਨਸਾ, ਲੱਖਾ ਸਿਧਾਣਾ, ਗੁਰਜਨ ਸਿੰਘ, ਪਿੰਡ ਦਾਦੂ ਵਾਸੀ ਚਰਨ ਸਿੰਘ, ਜਗਦੇਵ ਸਿੰਘ, ਜਗਮੋਹਨ ਸਿੰਘ, ਬਲਵੀਰ ਸਿੰਘ, ਬਿੱਕਰ ਸਿੰਘ, ਜੱਸਾ ਸਿੰਘ, ਗੁਰਪਾਲ ਸਿੰਘ ਤੇ ਗੁੱਗੂ ਗਿੱਲ, ਪਿੰਡ ਪੱਕਾ ਸ਼ਹੀਦਾਂ ਵਾਸੀ ਗੁਰਨਾਮ ਸਿੰਘ ਤੇ ਕਾਹਨ ਸਿੰਘ, ਪਿੰਡ ਕੇਵਲ ਵਾਸੀ ਗੁਰਦਾਸ ਸਿੰਘ ਸਾਬਕਾ ਸਰਪੰਚ, ਪਿੰਡ ਤਿਲੋਕੇਵਾਲਾ ਵਾਸੀ ਭਿੰਡੀ ਸਿੰਘ ਸ਼ਾਮਲ ਹਨ ਅਤੇ ਇਸ ਤੋਂ ਇਲਾਵਾ 700 ਹੋਰ ਅਣਪਛਾਤੇ ਕਿਸਾਨਾਂ ਖ਼ਿਲਾਫ਼ 15 ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਇਸੇ ਦੌਰਾਨ ਅੱਜ ਪਿੰਡ ਦਾਦੂ ਵਾਸੀਆਂ ਨੇ ਇਕੱਠ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਪ੍ਰੈੱਸ ਨੂੰ ਭੇਜੇ ਲਿਖਤੀ ਪੱਤਰ ਵਿੱਚ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਅੱਜ ਤੋਂ ਜਥੇਦਾਰ ਦਾਦੂਵਾਲ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਦਾ ਜੋ ਵੀ ਵਿਅਕਤੀ ਜਥੇਦਾਰ ਦਾਦੂਵਾਲ ਨਾਲ ਸਬੰਧ ਰੱਖੇਗਾ, ਉਸ ਦਾ ਵੀ ਬਾਈਕਾਟ ਕੀਤਾ ਜਾਵੇਗਾ। ਇਸ ਸਬੰਧੀ ਜਥੇਦਾਰ ਦਾਦੂਵਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਥਾਣਾ ਮੁਖੀ ਨੂੰ ਮਿਲੇ ਕਿਸਾਨ ਆਗੂ
ਕਿਸਾਨ ਆਗੂ ਗੁਰਦਾਸ ਸਿੰਘ ਲੱਕੜਵਾਲੀ ਨੇ ਅੱਜ ਕਾਲਾਂਵਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅੱਜ ਕਾਲਾਂਵਾਲੀ ਦੇ ਥਾਣਾ ਮੁਖੀ ਨੂੰ ਮਿਲੇ ਸਨ ਅਤੇ ਪੁਲੀਸ ਨੂੰ ਬੁੱਧਵਾਰ ਤੱਕ ਦਾ ਸਮਾਂ ਦਿੱਤਾ ਹੈ, ਜੇ ਉਦੋਂ ਤੱਕ ਕੇਸ ਰੱਦ ਨਾ ਕੀਤੇ ਗਏ ਤਾਂ ਸੰਯੁਕਤ ਕਿਸਾਨ ਮੋਰਚਾ ਦੀ ਸਲਾਹ ਨਾਲ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।