ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਫਰਵਰੀ
ਥਾਣਾ ਸਿਟੀ ਪੁਲੀਸ ਨੇ ਅਦਾਕਾਰ ਸੋਨੂੰ ਸੋਦ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਸ ’ਤੇ ਚੋਣਾਂ ਵਾਲੇ ਦਿਨ ਆਪਣੀ ਭੈਣ ਕਾਂਗਰਸੀ ਉਮੀਦਵਾਰ ਮਾਲਵਿਕਾ ਸੂਦ ਦੇ ਹੱਕ ਵਿੱਚ ਪ੍ਰਚਾਰ ਕਰਨ ਦਾ ਦੋਸ਼ ਲੱਗਾ ਹੈ।
ਪੁਲੀਸ ਨੇ ਦੱਸਿਆ ਕਿ ਬੀਤੇ ਦਿਨ ਏਐੱਸਆਈ ਹਰਪ੍ਰੀਤ ਸਿੰਘ ਗਸ਼ਤ ’ਤੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਦਾਕਾਰ ਸੋਨੂੰ ਸੂਦ ਕਾਲੇ ਰੰਗ ਦੀ ਐਂਡੇਵਰ ਗੱਡੀ ’ਚ ਆਪਣੀ ਭੈਣ ਮਾਲਵਿਕਾ ਸੱਚਰ ਸੂਦ ਦੇ ਹੱਕ ਵਿਚ ਪ੍ਰਚਾਰ ਕਰ ਰਿਹਾ ਹੈ।
ਪੁਲੀਸ ਨੇ ਮੁੱਢਲੀ ਜਾਂਚ ਤੇ ਪੜਤਾਲ ਤੋਂ ਬਾਅਦ ਸੋਨੂੰ ਸੂਦ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਹੈ। ਮੋਗਾ ਵਿਧਾਨ ਸਭਾ ਹਲਕੇ ਦੇ ਚੋਣ ਅਧਿਕਾਰੀ ਤੇ ਐੱਸਡੀਐੱਮ ਸਤਵੰਤ ਸਿੰਘ ਨੇ ਕਿਹਾ ਕਿ ਸੋਨੂੰ ਸੂਦ ਨੂੰ ਘਰ ਰਹਿਣ ਦੀ ਹਦਾਇਤ ਕੀਤੀ ਗਈ ਸੀ ਪਰ ਉਹ ਬਾਹਰ ਘੁੰਮ ਰਿਹਾ ਸੀ। ਸੋਨੂੰ ਸੂਦ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਸ ਨੇ ਗੱਡੀ ਗਲਤ ਥਾਂ ਖੜ੍ਹੀ ਕੀਤੀ ਸੀ।
ਇਸੇ ਤਰ੍ਹਾਂ ਥਾਣਾ ਸਮਾਲਸਰ ਪੁਲੀਸ ਨੇ ਬਾਘਾਪੁਰਾਣਾ ਤੋਂ ਕਾਂਗਰਸੀ ਉਮੀਦਵਾਰ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕਮਲਜੀਤ ਸਿੰਘ ਬਰਾੜ ਖ਼ਿਲਾਫ਼ ਆਈਪਸੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ’ਤੇ ਕਾਂਗਰਸ ਦਾ ਝੰਡੇ ਲਗਾ ਕੇ ਗੈਰਕਾਨੂੰਨੀ ਇਕੱਠ ਅਤੇ ਮੀਟਿੰਗਾਂ ਕਰਨ ਦਾ ਦੋਸ਼ ਹੈ।
ਇਸ ਤੋਂ ਇਲਾਵਾ ਥਾਣਾ ਬਾਘਾਪੁਰਾਣਾ ਪੁਲੀਸ ਨੇ ਸੁਖਪਾਲ ਸਿੰਘ ਵਾਸੀ ਪਿੰਡ ਡਾਲਾ ਅਤੇ ਕਰਮਜੀਤ ਸਿੰਘ ਵਾਸੀ ਪਿੰਡ ਆਲਮਵਾਲਾ ਖ਼ਿਲਾਫ਼ ਆਈਪਸੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਸਰਕਾਰੀ ਸਕੂਲ ਪਿੰਡ ਜੈਮਲਵਾਲਾ ਵਿਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣ ਕਰਨ ਦਾ ਦੋਸ਼ ਹੈ।
ਗੰਨਮੈਨਾਂ ਨਾਲ ਬੂਥ ’ਤੇ ਪਹੁੰਚੇ ਰਾਣਾ ਸੋਢੀ ਤੇ ਪਿੰਕੀ ਖ਼ਿਲਾਫ਼ ਕੇਸ ਦਰਜ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਪੰਜਾਬ ਚੋਣਾਂ ਵਾਲੇ ਦਿਨ (ਐਤਵਾਰ) ਆਪਣੇ ਗੰਨਮੈਨਾਂ ਨਾਲ ਚੋਣ ਬੂਥ ’ਤੇ ਪਹੁੰਚੇ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਖ਼ਿਲਾਫ਼ ਥਾਣਾ ਛਾਉਣੀ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਜ਼ਿਲ੍ਹਾ ਚੋਣ ਅਫ਼ਸਰ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਗਈ ਹੈ। ਜ਼ਿਕਰਯੋਗ ਹੈ ਕਿ ਦੋਵੇਂ ਉਮੀਦਵਾਰ ਇਸ ਤੋਂ ਪਹਿਲਾਂ ਕਈ ਵਾਰ ਵਿਧਾਨ ਸਭਾ ਦੀਆਂ ਚੋਣਾਂ ਲੜ ਚੁੱਕੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਅਣਗੌਲਿਆਂ ਕਰ ਦਿੱਤਾ। ਪੁਲੀਸ ਨੇ ਆਈਪੀਸੀ ਦੀ ਧਾਰਾ 188 ਅਤੇ 171-ਐਫ਼ ਅਧੀਨ ਮੁਕੱਦਮਾ ਦਰਜ ਕੀਤਾ ਹੈ। ਦੋਵਾਂ ਉਮੀਦਵਾਰਾਂ ਨਾਲ ਹਮੇਸ਼ਾ ਹੀ ਵੱਡੀ ਗਿਣਤੀ ਵਿਚ ਸੁਰੱਖਿਆ ਗਾਰਡ ਤਾਇਨਾਤ ਰਹਿੰਦੇ ਹਨ।