ਪੱਤਰ ਪ੍ਰੇਰਕ
ਬਨੂੜ, 5 ਫਰਵਰੀ
ਥਾਣਾ ਬਨੂੜ ਦੀ ਪੁਲੀਸ ਨੇ ਜਾਅਲਸਾਜ਼ੀ ਕਰਨ ਦੇ ਕਥਿਤ ਦੋਸ਼ਾਂ ਹੇਠ ਪਿੰਡ ਜਾਂਸਲਾ ਦੇ ਤਿੰਨ ਸਕੇ ਭਰਾਵਾਂ ਸਤਵਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਕੁਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਬਲਬੀਰ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਪਿੰਡ ਭਟੇੜੀ ਥਾਣਾ ਸਦਰ ਰਾਜਪੁਰਾ ਨੇ ਜ਼ਿਲ੍ਹਾ ਪੁਲੀਸ ਮੁਖੀ ਪਟਿਆਲਾ ਨੂੰ ਸ਼ਿਕਾਇਤ ਦਿੱਤੀ ਸੀ ਕਿ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਜਾਂਸਲਾ ਦੇ ਉਕਤ ਤਿੰਨੋਂ ਭਰਾਵਾਂ ਨੂੰ ਉਨ੍ਹਾਂ ਸੱਤ ਵਿੱਘੇ ਜ਼ਮੀਨ ਖ਼ਰੀਦਣ ਲਈ 23 ਲੱਖ ਰੁਪਏ ਬਤੌਰ ਬਿਆਨਾ ਦਿੱਤਾ ਸੀ। ਸ਼ਿਕਾਇਤਕਰਤਾ ਨੇ ਆਖਿਆ ਕਿ ਜਦੋਂ ਪਟਵਾਰੀ ਕੋਲ ਜ਼ਮੀਨ ਦੀ ਫ਼ਰਦ ਲੈਣ ਗਏ ਤਾਂ ਦੇਖਿਆ ਕਿ ਉਨ੍ਹਾਂ ਤਿੰਨੋਂ ਭਰਾਵਾਂ ਦਾ ਉਸ ਜ਼ਮੀਨ ਵਿਚ ਕੁਝ ਵੀ ਹਿੱਸਾ ਨਹੀਂ ਸੀ ਬਣਦਾ। ਉਨ੍ਹਾਂ ਕਿਹਾ ਕਿ ਸਬੰਧਿਤ ਵਿਅਕਤੀਆਂ ਨੂੰ ਬਿਆਨੇ ਦੀ ਰਕਮ ਵਾਪਸ ਦੇਣ ਲਈ ਕਿਹਾ ਪਰ ਉਨ੍ਹਾਂ ਬਿਆਨਾ ਵਾਪਸ ਨਹੀਂ ਕੀਤਾ।