ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਸਤੰਬਰ
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਖਾਨਾਜੰਗੀ ਰੋਕਣ ਲਈ ਹਾਈਕਮਾਨ ਵੱਲੋਂ ਮਜਬੂਰੀਵੱਸ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਿੱਚ ਜ਼ਲੀਲ ਕੀਤਾ ਗਿਆ, ਉਹ ਪਾਰਟੀ ਦੇ ਹੋਰਨਾ ਵੱਡੇ ਨੇਤਾਵਾਂ ਲਈ ਨਸੀਹਤ ਹੈ। ਉਨ੍ਹਾਂ ਕੈਪਟਨ ਵੱਲੋਂ ਸਿੱਧੂ ਖ਼ਿਲਾਫ਼ ਚੁੱਕੇ ਗਏ ਸਵਾਲ ਨੂੰ ਸਹੀ ਕਰਾਰ ਦਿੱਤਾ। ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਵਿਧਾਨ ਸਭਾ ਚੋਣਾਂ-2022 ਦਾ ਚਿਹਰਾ ਬਣਾਏ ਜਾਣ ਦੇ ਬਿਆਨ ਤੋਂ ਕਾਂਗਰਸ ਦੀ ਨੀਅਤ ਸਪਸ਼ਟ ਹੋ ਗਈ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਵੱਲੋਂ ਖੇਡੀ ਗਈ ਬਾਜ਼ੀ ਪੁੱਠੀ ਪਵੇਗੀ।