ਇਕਬਾਲ ਸਿੰਘ ਸ਼ਾਂਤ
ਲੰਬੀ, 7 ਸਤੰਬਰ
ਕੇਂਦਰੀ ਫੂਡ ਪ੍ਰੋਸੈਸਿੰਗ ਮਾਮਲਿਆਂ ਬਾਰੇ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੇਤੀ ਆਰਡੀਨੈਂਸਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਸੂਬੇ ਦੇ ਕਿਸਾਨ ਭਾਈਚਾਰੇ ਨੂੰ ਭਰਮ-ਭੁਲੇਖਿਆਂ ‘ਚ ਪਾ ਕੇ ਗੁਮਰਾਹ ਕਰਨ ਦੇ ਦੋਸ਼ ਲਗਾਏ ਹਨ। ਕੇਂਦਰੀ ਮੰਤਰੀ ਨੇ ਸੂਬੇ ਦੇ ਮੁੱਖ ਮੰਤਰੀ ’ਤੇ ਖੇਤੀ ਆਰਡੀਨੈਂਸ ਦੇ ਨਾਂ ’ਤੇ ਹੇਠਲੇ ਦਰਜੇ ਦੀ ਰਾਜਨੀਤੀ ਕਰਨ ਦੇ ਦੋਸ਼ ਲਾਉਂਦਿਆਂ ਆਖਿਆ ਕਿ ਕੈਪਟਨ ਆਪਣੇ ਚੋਣ ਮੈਨੀਫ਼ੈਸਟੋ ਵਾਲਾ ਉਹੀ ਆਰਡੀਨੈਂਸ ਅਗਸਤ 2017 ‘ਚ ਬਾਕਾਇਦਾ ਲਾਗੂ ਕਰ ਚੁੱਕੇ ਹਨ। ਉਨ੍ਹਾਂ ਆਖਿਆ ਕਿ ਨਸ਼ਿਆਂ ਬਾਰੇ ਝੂਠੀ ਸਹੁੰ ਖਾਣ ਵਾਲੇ ਅਮਰਿੰਦਰ ਸਿੰਘ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਆਰਡੀਨੈਂਸ ਬਾਰੇ ਚਿੱਠੀ ਨੂੰ ਵੀ ਬੇਮੁੱਲੀ ਦੱਸਦੇ ਹਨ। ਉਨ੍ਹਾਂ ਸੁਆਲ ਉਠਾਇਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਅਤੇ ਕੇਂਦਰ ਦੇ ਆਰਡੀਨੈਂਸ ‘ਚ ਫ਼ਰਕ ਦੇ ਵੇਰਵੇ ਸਪੱਸ਼ਟ ਕਰਨ। ਇਸ ਦੇ ਨਾਲ ਹੀ ਬੀਜ ਘੁਟਾਲੇ, ਜ਼ਹਿਰਲੀ ਸ਼ਰਾਬ ਕਤਲ ਕਾਂਡ ਅਤੇ ਵਜ਼ੀਫ਼ਾ ਘੁਟਾਲੇ ‘ਤੇ ਪਰਦੇ ਪਾਉਣ ਲਈ ਕਿਸਾਨਾਂ ਦੀਆਂ ਭਾਵਨਾਵਾਂ ‘ਤੇ ਸਿਆਸਤ ਖੇਡਣ ਤੋਂ ਬਾਜ਼ ਆਉਣ। ਹਰਸਿਮਰਤ ਕੌਰ ਨੇ ਬਰਗਾੜੀ ਮੁੱਦੇ ’ਤੇ ਵੀ ਕੈਪਟਨ ’ਤੇ ਨਿਸ਼ਾਨਾ ਸੇਧਦਿਆਂ ਆਖਿਆ ਕਿ ਪਹਿਲੇ ਤਿੰਨ ਸਾਲ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਭੜਕਾਉਂਦੇ ਹੋਏ ਲੰਘਾ ਦਿੱਤੇ। ਹੁਣ ਚਾਰ ਸਾਲਾਂ ਵਿਚ ਦੋਸ਼ੀਆਂ ਨੂੰ ਨਹੀਂ ਫੜ ਸਕੇ ਤਾਂ ਹੁਣ ਕਿਸਾਨਾਂ ਨੂੰ ਗੁਮਰਾਹ ਕਰਨ ਵਿਚ ਲੱਗ ਗਏ ਹਨ। ਉਨ੍ਹਾਂ ਵਜ਼ੀਫਾ ਘੁਟਾਲੇ ਉੱਪਰ ਕਾਂਗਰਸ ਸਰਕਾਰ ‘ਤੇ ਸ਼ਬਦੀ ਹਮਲੇ ਵੀ ਕੀਤੇ।