ਪੱਤਰ ਪ੍ਰੇਰਕ
ਭਾਈਰੂਪਾ, 5 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਵਿੱਚ ਲੋਕਾਂ ਨੂੰ ਲਿਜਾਣ ਲਈ ਭਾਜਪਾ ਸਮਰਥਕਾਂ ਵੱਲੋਂ ਪਿੰਡ ਰਾਈਆ ਵਿੱਚ ਭੇਜੀਆਂ ਗਈਆਂ ਬੱਸਾਂ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਨੇ ਘੇਰ ਲਈਆਂ। ਯੂਨੀਅਨ ਦੇ ਆਗੂ ਗੁਰਤੇਜ ਮਹਿਰਾਜ, ਜ਼ਿਲ੍ਹਾ ਪ੍ਰਧਾਨ ਗੁਲਾਬ ਸਿੰਘ ਰਾਈਆਂ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਗੋਕੀ, ਇਕਾਈ ਪ੍ਰਧਾਨ ਇਕਤੱਰ ਸਿੰਘ ਨੇ ਕਿਹਾ ਕਿ ਭਾਜਪਾ ਸਮਰਥਕ ਮੋਦੀ ਦੀ ਫੇਰੀ ਦੌਰਾਨ ਸ਼ਕਤੀ ਪ੍ਰਦਰਸ਼ਨ ਕਰਨ ਲਈ ਪਿੰਡ ਰਾਈਆਂ ਵਿੱਚ ਬੱਸਾਂ ਲੈ ਕੇ ਆਏ, ਜਿਨ੍ਹਾਂ ਦਾ ਪਿੰਡ ਵਾਸੀਆਂ ਨੇ ਡਟ ਕੇ ਵਿਰੋਧ ਕੀਤਾ। ਇਸ ਮਗਰੋਂ ਭਾਜਪਾ ਸਮਰਥਕਾਂ ਨੂੰ ਮਜਬੂਰਨ ਖਾਲੀ ਬੱਸਾਂ ਲੈ ਕੇ ਵਾਪਸ ਜਾਣਾ ਪਿਆ। ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸਾਢੇ ਸੱਤ ਸੌ ਕਿਸਾਨ ਤੇ ਮਜ਼ਦੂਰ ਸ਼ਹੀਦ ਹੋਏ ਹਨ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਕਿਸਾਨ-ਮਜ਼ਦੂਰ ਇਹ ਭੁੱਲਣਗੇ ਕਿ ਭਾਜਪਾ ਸਰਕਾਰ ਦੀ ਬਦੌਲਤ ਹੀ ਉਨ੍ਹਾਂ ਨੂੰ ਇੱਕ ਸਾਲ ਦਿੱਲੀ ਦੀਆਂ ਸੜਕਾਂ ’ਤੇ ਦੁੱਖ ਤਕਲੀਫ਼ਾਂ ਝੱਲਣੀਆਂ ਪਈਆਂ। ਉਨ੍ਹਾਂ ਕਿਹਾ ਕਿ ਕੇਂਦਰ ਦੀ ਘੱਟ ਗਿਣਤੀਆਂ ਨਾਲ ਵਿਤਕਰਾ ਕਰਨ ਤੇ ਧਰਮਾਂ ਦੇ ਨਾਂ ’ਤੇ ਲੋਕਾਂ ਨੂੰ ਲੜਾਉਣ ਦੀ ਨੀਤੀ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਫਾਸ਼ੀਵਾਦੀ ਸਰਕਾਰ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।
ਕਿਸਾਨਾਂ ਨੇ ਭਾਜਪਾ ਦੇ ਫਲੈਕਸ ਬੋਰਡਾਂ ’ਤੇ ਕਾਲਖ ਮਲੀ
ਸਰਦੂਲਗੜ੍ਹ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਆਗੂ ਮਲੂਕ ਸਿੰਘ ਹੀਰਕੇ ਦੀ ਅਗਵਾਈ ਹੇਠ ਐੱਸਡੀਐੱਮ ਦਫ਼ਤਰ ਸਰਦੂਲਗੜ੍ਹ ਵਿੱਚ ਧਰਨਾ ਲਗਾ ਕੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸੇ ਤਰ੍ਹਾਂ ਹੀ ਹਲਕੇ ਦੇ ਪਿੰਡ ਜੌੜਕੀਆਂ ਅਤੇ ਕੋਟ ਧਰਮੂ ਵਿੱਚ ਕਿਸਾਨਾਂ ਨੇ ਰੋਸ ਜਤਾਉਂਦਿਆਂ ਭਾਜਪਾ ਵੱਲੋਂ ਲਗਾਏ ਗਏ ਫਲੈਕਸ ਬੋਰਡਾਂ ’ਤੇ ਕਾਲਖ ਮਲ ਦਿੱਤੀ।