ਸੁਖਦੇਵ ਸਿੰਘ/ਏਜੰਸੀ
ਅਜਨਾਲਾ/ਚੰਡੀਗੜ੍ਹ, 14 ਅਕਤੂਬਰ
ਇਥੇ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਬੀਐੱਸਐੱਫ ਦੀ ਚੌਕੀ ਸ਼ਾਹਪੁਰ ਵਿਖੇ ਅੱਜ ਤੜਕਸਾਰ ਜਵਾਨਾਂ ਨੇ ਸਰਹੱਦ ਪਾਰੋਂ ਆਏ ਡਰੋਨ ਨੂੰ ਫਾਇਰਿੰਗ ਕਰਕੇ ਹੇਠਾਂ ਸੁੱਟ ਲਿਆ। ਮੌਕੇ ’ਤੇ ਪਹੁੰਚੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐੱਸਐੱਫ ਜਵਾਨਾਂ ਨੇ ਤੜਕਸਾਰ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਡਰੋਨ ਦੀ ਆਵਾਜ਼ ਸੁਣੀ।
ਜਵਾਨਾਂ ਨੇ ਡਰੋਨ ਵੱਲ 17 ਫਾਇਰ ਕੀਤੇ ਅਤੇ ਇਸ ਦੌਰਾਨ ਕੁਆਡਕੌਪਟਰ ਡਰੋਨ ਦੀ ਵਿੰਗ ਰੌਡ ਟੁੱਟਣ ਕਾਰਨ ਇਹ ਭੈਣੀ ਗਿੱਲ ਪਿੰਡ ਨੇੜੇ ਹੇਠਾਂ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਕੁਆਡਕੌਪਟਰ ਡਰੋਨ (ਡੀਜੇਆਈ ਮੈਟਰਿਸ) ਨੂੰ ਕਬਜ਼ੇ ਵਿੱਚ ਲੈ ਕੇੇ ਮਗਰੋਂ ਇਲਾਕੇ ਵਿੱਚ ਸਰਚ ਅਪਰੇਸ਼ਨ ਵੀ ਚਲਾਇਆ ਗਿਆ, ਪਰ ਇਸ ਦੌਰਾਨ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਸੁਰੱਖਿਆ ਬਲਾਂ ਨੂੰ ਨਾਇਲਨ ਦੀ ਰੱਸੀ ਜ਼ਰੂਰ ਮਿਲੀ ਹੈ, ਜਿਸ ’ਤੇ ਛੇ ਰਿਫਲੈਕਟਰ ਲਾਈਟਾਂ ਤੇ ਹਰੇ ਰੰਗ ਦਾ ਸਟ੍ਰੈਪ ਲੱਗਾ ਹੈ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੀ ਭਾਰਤ ਵਿਰੋਧੀ ਕੋਈ ਵੀ ਚਾਲ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਬੀਐੱਸਐੱਫ ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਕਿਹਾ ਕਿ ਸੁਰੱਖਿਆ ਬਲ ਡਰੋਨਾਂ ਤੋਂ ਦਰਪੇਸ਼ ਵੰਗਾਰਾਂ ਨੂੰ ਲੈ ਕੇ ਪੁੂਰੀ ਤਰ੍ਹਾਂ ਚੌਕਸ ਹਨ ਤੇ ਇਨ੍ਹਾਂ ਦੇ ਟਾਕਰੇ ਲਈ ਕੰਮ ਜਾਰੀ ਹੈ।