ਪਾਲ ਸਿੰਘ ਨੌਲੀ
ਜਲੰਧਰ, 9 ਮਾਰਚ
ਸ਼ਹਿਰ ਦੇ ਕਾਰੋਬਾਰੀਆਂ ਨੇ ਕੱਚੇ ਮਾਲ ਦੀਆਂ ਵੱਧ ਰਹੀਆਂ ਕੀਮਤਾਂ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਹੈ। ਕਾਰੋਬਾਰੀਆਂ ਦਾ ਕਹਿਣਾ ਕਿ ਕਾਲਾਬਾਜ਼ਾਰੀ ਕਾਰਨ ਕੱਚੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਸਨਅਤਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਹੈ। ਕੱਚੇ ਮਾਲ ਦੀਆਂ ਅਚਾਨਕ ਵਧੀਆਂ ਕੀਮਤਾਂ ਕਾਰਨ ਇੱਥੋਂ ਦੀਆਂ ਸਨਅਤਾਂ ਪਿਛਲੇ ਦੋ ਦਿਨਾਂ ਤੋਂ ਬੰਦ ਪਈਆਂ ਹਨ।
ਖੇਡਾਂ ਦੇ ਸਾਮਾਨ ਦਾ ਕਾਰੋਬਾਰ ਕਰਨ ਵਾਲੇ ਰਵਿੰਦਰ ਧੀਰ ਨੇ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਤੋਂ ਕੱਚੇ ਮਾਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੱਚੇ ਮਾਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਰੋਕਣ ਲਈ ਦੇਸ਼ ਵਿੱਚ ਕੋਈ ਰੈਗੂਲੇਟਰੀ ਬੋਰਡ ਨਹੀਂ ਹੈ। ਇਸ ਕਾਰਨ ਕੱਚਾ ਮਾਲ ਬਣਾਉਣ ਵਾਲੀਆਂ ਕੰਪਨੀਆਂ ਮਨਮਰਜ਼ੀ ਨਾਲ ਰੇਟ ਵਧਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਹੇ ਦੀਆਂ ਕੀਮਤਾਂ ’ਚ ਹੋ ਰਹੇ ਵਾਧੇ ਨੂੰ ਕੰਟਰੋਲ ਕਰਨਾ ਚਾਹੀਦਾ ਹੈ।
ਧੀਰ ਨੇ ਕਿਹਾ ਕਿ ਕੱਚਾ ਮਾਲ ਬਣਾਉਣ ਵਾਲੀ ਕੰਪਨੀ ਸਾਰਾ ਦੋਸ਼ ਰੂਸ ਅਤੇ ਯੂਕਰੇਨ ਵਿਚਾਲੇ ਹੋ ਰਹੀ ਜੰਗ ਸਿਰ ਮੜ੍ਹ ਰਹੀ ਹੈ।
ਉਦਯੋਗਪਤੀ ਨਰਿੰਦਰ ਸਿੰਘ ਸੱਗੂ ਤੇ ਮਨੀਸ਼ ਦਾ ਕਹਿਣਾ ਕਿ ਲੋਹਾ ਅਤੇ ਸਟੀਲ ਆਸਟ੍ਰੇਲੀਆ, ਚੀਨ ਅਤੇ ਜਾਪਾਨ ਤੋਂ ਦਰਾਮਦ ਕੀਤਾ ਜਾਂਦਾ ਹੈ, ਇਸਦਾ ਰੂਸ-ਯੂਕਰੇਨ ਜੰਗ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਹਾ ਉਦਯੋਗ ਤੱਕ ਪਹੁੰਚ ਨਾ ਹੋਣ ਕਾਰਨ ਸਨਅਤ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਸਰਕਾਰ ਨੂੰ ਕੱਚੇ ਮਾਲ ਦੀਆਂ ਕੀਮਤਾਂ ’ਤੇ ਰੈਗੂਲੇਟਰੀ ਬੋਰਡ ਬਣਾਉਣਾ ਚਾਹੀਦਾ ਹੈ।