ਜਗਜੀਤ ਸਿੰਘ
ਮੁਕੇਰੀਆਂ, 27 ਜਨਵਰੀ
ਖੇਤੀ ਕਾਨੂੰਨਾਂ ਸਬੰਧੀ ਭਾਜਪਾ ਤੋਂ ਨਾਰਾਜ਼ ਤੇ ਕਿਸਾਨ ਪੱਖੀ ਰੁਖ਼ ਅਖ਼ਤਿਆਰ ਕਰ ਚੁੱਕੇ ਹਲਕਾ ਮੁਕੇਰੀਆਂ ਦੇ ਭਾਜਪਾ ਵਰਕਰਾਂ ਨੇ ਪਹਿਲਾਂ ਕੀਤੇ ਐਲਾਨ ਅਨੁਸਾਰ 26 ਜਨਵਰੀ ਨੂੰ ਪਿੰਡ ਮੁਰਾਦਪੁਰ ਅਵਾਣਾ ’ਚ ਕਿਸਾਨੀ ਝੰਡੇ ਲਗਾਉਣ ਦੀ ਸ਼ੁਰੂਆਤ ਕਰ ਕੇ ‘ਗਣਤੰਤਰ ਦਿਵਸ’ ਮਨਾਇਆ। ਇਸ ਮੌਕੇ ‘ਕਿਸਾਨ ਮਜ਼ਦੂਰ ਏਕਤਾ’ ਤਹਿਤ ਕਿਸਾਨੀ ਝੰਡੇ ਲਗਾਉਣ ਦੀ ਸ਼ੁਰੂਆਤ ਭਾਜਪਾ ਦੇ ਸਾਬਕਾ ਪ੍ਰਧਾਨ ਮਸਜਿੰਦਰ ਸਿੰਘ ਮੁਰਾਦਪੁਰ ਅਵਾਣਾ ਦੀ ਅਗਵਾਈ ਹੇਠ ਕੀਤੀ ਗਈ।
ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਪੱਖੀ ਖੇਤੀ ਕਾਨੂੰਨ ਪਾਸ ਕਰ ਕੇ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ ਅਤੇ ਦੇਸ਼ ਦੇ ਕਿਸਾਨਾਂ ਅਤੇ ਕਿਸਾਨੀ ਨਾਲ ਜੁੜੇ ਭਾਜਪਾ ਵਰਕਰਾਂ ਦੇ ਵਿਰੋਧ ਦੇ ਬਾਵਜੂਦ ਵੀ ਇਹ ਕਾਨੂੰਨ ਵਾਪਸ ਨਹੀਂ ਲਏ ਜਾ ਰਹੇ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ 26 ਜਨਵਰੀ ਨੂੰ ਦਿੱਲੀ ਟਰੈਕਟਰ ਪਰੇਡ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਹਿੰਸਾ ਕੀਤੀ ਹੈ, ਜਿਨ੍ਹਾਂ ਖ਼ਿਲਾਫ਼ ਦਿੱਲੀ ਪੁਲੀਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਭਾਜਪਾ ਵਰਕਰਾਂ ਵੱਲੋਂ ਪਿੰਡ ਪਿੰਡ ਕਿਸਾਨੀ ਝੰਡੇ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ ਅਤੇ ਕਰੀਬ 100 ਪਿੰਡਾਂ ਵਿੱਚ ਕਿਸਾਨੀ ਝੰਡੇ ਲਗਾਉਣ ਦਾ ਟੀਚਾ ਜਲਦ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਖੇਤੀ ਕਾਨੂੰਨ ਜਲਦ ਵਾਪਸ ਨਾ ਲਏ ਤਾਂ ਉਹ ਬੀਤੇ ਦਿਨ ਕੀਤੀ ਇਕੱਤਰਤਾ ਵਿੱਚ ਲਏ ਫ਼ੈਸਲੇ ਅਨੁਸਾਰ ਸਮੂਹਿਕ ਅਸਤੀਫ਼ੇ ਦੇਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਨਿਰਮਲ ਸਿੰਘ, ਦਿਲਬਾਗ ਸਿੰਘ, ਮਨਜੀਤ ਸਿੰਘ ਸੈਣੀ, ਰਵੇਲ ਸਿੰਘ, ਮੋਹਨ ਲਾਲ ਹਾਜ਼ਰ ਸਨ।