ਗਗਨਦੀਪ ਅਰੋੜਾ
ਲੁਧਿਆਣਾ, 6 ਅਗਸਤ
ਤਿੰਨ ਖੇਤੀ ਕਾਨੂੰਨਾਂ ਕਾਰਨ ਸੂਬੇ ਵਿੱਚ ਵਿਰੋਧ ਝੱਲ ਰਹੀ ਭਾਰਤੀ ਜਨਤਾ ਪਾਰਟੀ ਦੇ ਆਗੂ ਹੁਣ ਸਿਆਸੀ ਡੈਮੇਜ਼ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਵੱਲੋਂ ਛਾਪੀ ‘ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਖਾਸ ਰਿਸ਼ਤਾ’ ਕਿਤਾਬ ਗਲੀ-ਗਲੀ ਵੰਡ ਕੇ ਭਾਜਪਾ ਨੂੰ ਸਿੱਖਾਂ ਦੀ ਹਿਤੈਸ਼ੀ ਪਾਰਟੀ ਸਾਬਤ ਕਰਨ ਵਿੱਚ ਲੱਗੇ ਹੋਏ ਹਨ। ਭਾਜਪਾ ਆਗੂ ਇਹ ਕਿਤਾਬ ਸਵੇਰੇ ਸ਼ਾਮ ਲੋਕਾਂ ਨਾਲ ਮੀਟਿੰਗਾਂ ਵਿੱਚ ਵੰਡ ਰਹੇ ਹਨ ਤੇ ਪੂਰਾ ਪ੍ਰਚਾਰ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖਾਂ ਨਾਲ ਖਾਸ ਰਿਸ਼ਤਾ ਹੈ ਤੇ ਉਨ੍ਹਾਂ ਨੇ ਸਿੱਖ ਕੌਮ ਲਈ ਕਈ ਇਤਿਹਾਸਕ ਕੰਮ ਕੀਤੇ ਹਨ। ਇਸ ਕਿਤਾਬ, ਜਿਸ ਦੇ 61 ਪੰਨੇ ਹਨ, ਵਿੱਚ 19 ਅਜਿਹੇ ਕੰਮਾਂ ਦਾ ਜ਼ਿਕਰ ਹੈ, ਜਿਨ੍ਹਾਂ ਬਾਰੇ ਭਾਜਪਾ ਕਹਿ ਰਹੀ ਹੈ ਕਿ ਸਿੱਖਾਂ ਦੇ ਇਤਿਹਾਸਕ ਕੰਮ ਭਾਜਪਾ ਸਰਕਾਰ ਨੇ ਕੀਤੇ ਹਨ। ਦੂਜੇ ਪਾਸੇ ਵਿਧਾਨ ਸਭਾ ਚੋਣਾਂ ਨੇੜੇ ਹਨ ਤੇ ਸਿਆਸੀ ਪੰਡਿਤਾਂ ਮੁਤਾਬਕ ਭਾਜਪਾ ਇਸ ਕਿਤਾਬ ਜ਼ਰੀਏ ਹੀ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਿੱਚ ਲੱਗੀ ਹੈ। ਕੇਂਦਰ ਸਰਕਾਰ ਵੱਲੋਂ ਛਾਪੀ ਗਈ ਕਿਤਾਬ ਵਿੱਚ ਸਭ ਤੋਂ ਪਹਿਲਾ ਵਿਸ਼ਾ ਲਿਖਿਆ ਗਿਆ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲਈ ਐੱਫਸੀਆਰਏ ਰਜਿਸਟ੍ਰੇਸ਼ਨ, ਲੰਗਰ ਤੋਂ ਜੀਐੱਸਟੀ ਹਟਾਇਆ ਗਿਆ, ਸ੍ਰੀ ਕਰਤਾਰਪੁਰ ਸਾਹਿਬ ਵਿੱਚ ਕੌਰੀਡੋਰ ਬਣਾਇਆ ਗਿਆ, ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਤੋਂ ਇਲਾਵਾ ਭਾਜਪਾ ਦਾ ਦਾਅਵਾ ਹੈ ਕਿ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ। ਦੁਨੀਆ ਭਰ ਵਿੱਚ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ, ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਅਤੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਪੱਧਰੀ ਸਮਾਗਮ ਕੀਤੇ, ਬਲੈਕ ਲਿਸਟ ’ਚੋਂ ਨਾਂ ਹਟਾਏ ਗਏ, ਤਿੰਨ ਦਹਾਕਿਆਂ ਮਗਰੋਂ 1984 ਸਿੱਖ ਕਤਲੇਆਮ ਦੀ ਜਾਂਚ ਸਿੱਟ ਕਾਇਮ ਕੀਤੀ ਗਈ, 300 ਮਾਮਲੇ ਅਗਲੇਰੀ ਜਾਂਚ ਲਈ ਮੁੜ ਖੋਲ੍ਹੇ ਤੇ ਉਨ੍ਹਾਂ ਵਿੱਚੋਂ ਬਹੁਤਿਆਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਗਏ। ਸਿੱਖ ਵਿਰਾਸਤ ਦਾ ਮਾਣ ਵਧਾਇਆ ਗਿਆ, ਜਿਸ ਤਹਿਤ ਬਾਹਰਲੇ ਮੁਲਕਾਂ ਵਿੱਚ ਕੇਸ ਤੇ ਦਾੜ੍ਹੀ ਰੱਖਣਾ ਸਿੱਖਾਂ ਲਈ ਧਾਰਮਿਕ ਰਹਿਤ ਮਰਿਆਦਾ ਹੈ, ਬਾਰੇ ਲਿਖਿਆ ਤੇ ਕੁੱਝ ਖਾਸ ਦੇਸ਼ਾਂ ਵਿੱਚ ਅਜਿਹੀ ਛੋਟ ਦਿਵਾਉਣ ਵਿੱਚ ਮਦਦ ਕੀਤੀ, ਜਿੱਥੇ ਕੇਸ ਤੇ ਦਾੜ੍ਹੀ ਵਧਾ ਕੇ ਨੌਕਰੀ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਇਲਾਵਾ ਜੱਲ੍ਹਿਆਂਵਾਲਾ ਬਾਗ ਯਾਦਗਾਰ ਬਣਾਈ, ਮੁਸ਼ਕਲ ਸਮੇਂ ਵਿੱਚ ਮਦਦ ਦਾ ਹੱਥ, ਪਾਕਿਸਤਾਨ ਦੇ ਸਿੱਖਾਂ ਦੇ ਨਾਲ ਇੱਕਜੁਟਤਾ ਕੀਤੀ ਗਈ, ਜੰਮੂ ਕਸ਼ਮੀਰ ਵਿੱਚ ਸਿੱਖਾਂ ਦੇ ਅਧਿਕਾਰ ਯਕੀਨੀ ਬਣਾਏ ਗਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਚੋਣਾਂ ਬਾਰੇ ਸੁਧਾਰ ਕਰਵਾਏ, ਵਿਦੇਸ਼ਾਂ ਵਿੱਚੋਂ ਪੰਜਾਬ ਨਾਲ ਕੁਨੈਕਟੀਵਿਟੀ ਤੇ ਕੁਨੈਕਸ਼ਨ, ਅੰਮ੍ਰਿਤਸਰ ਤੋਂ ਲੰਦਨ ਤੇ ਅੰਮ੍ਰਿਤਸਰ ਤੋਂ ਦਿੱਲੀ ਤੋਂ ਬਰਮਿੰਘਮ ਦੇ ਲਈ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ, ਸਿੱਖ ਨੌਜਵਾਨਾਂ ਨੂੰ ਸਮਰੱਥ ਬਣਾਉਣ ਲਈ ਰੁਜ਼ਗਾਰ ਦੇਣ ਆਦਿ ਦੇ ਕਈ ਕੰਮ ਕੀਤੇ।
ਕੁੱਝ ਲੋਕ ਭਾਜਪਾ ਨੂੰ ਕਿਸਾਨ ਵਿਰੋਧੀ ਸਾਬਤ ਕਰਨ ’ਚ ਲੱਗੇ: ਬਾਂਸਲ
ਲੁਧਿਆਣਾ ਦੇ ਕਿਦਵਈ ਨਗਰ ਇਲਾਕੇ ਵਿੱਚ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਕਿਤਾਬ ਨੂੰ ਵੰਡੇ ਰਹੇ ਭਾਜਪਾ ਦੇ ਸੂਬਾ ਉਪ ਪ੍ਰਧਾਨ ਪ੍ਰਵੀਨ ਬਾਂਸਲ ਨੇ ਦੱਸਿਆ ਕਿ ਇਹ ਕਿਤਾਬ ਕਾਫ਼ੀ ਸਮਾਂ ਪਹਿਲਾਂ ਛਾਪੀ ਗਈ ਸੀ, ਉਹ ਹੁਣ ਇਸ ਕਿਤਾਬ ਨੂੰ ਘਰ-ਘਰ ਵੰਡ ਰਹੇ ਹਨ ਤਾਂ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਹੁਣ ਤੱਕ ਸਿੱਖ ਕੌਮ ਲਈ ਕੀ-ਕੀ ਕੀਤਾ ਹੈ। ਬਾਂਸਲ ਨੇ ਕਿਹਾ ਕਿ ਕੁੱਝ ਸ਼ਰਾਰਤੀ ਲੋਕ ਕਿਸਾਨੀ ਅੰਦੋਲਨ ਦੀ ਆੜ ਵਿੱਚ ਭਾਜਪਾ ਨੂੰ ਸਿੱਖਾਂ ਦਾ ਵਿਰੋਧੀ ਸਾਬਤ ਕਰਨ ਵਿੱਚ ਲੱਗੇ ਹੋਏ ਹਨ, ਪਰ ਸੂਬੇ ਵਿੱਚ ਹਿੰਦੂ ਤੇ ਸਿੱਖਾਂ ਵਿੱਚ ਗੂੜ੍ਹਾ ਰਿਸ਼ਤਾ ਹੈ, ਜਿਸ ਨੂੰ ਕਦੇ ਵੀ ਖ਼ਰਾਬ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਕਿਤਾਬ ਚੋਣਾਂ ਦੇ ਮਕਸਦ ਨਾਲ ਨਹੀਂ ਬਲਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਕੰਮਾਂ ਹਰ ਘਰ ਤੱਕ ਪੁੱਜਦਾ ਕਰਨ ਲਈ ਵੰਡੀ ਜਾ ਰਹੀ ਹੈ।