ਲੁਧਿਆਣਾ (ਨਿੱਜੀ ਪੱਤਰ ਪੇ੍ਰਕ): ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਸੱਤਪਾਲ ਗੋਸਾਈਂ ਦਾ ਅੱਜ ਸ਼ਾਮ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਹ 85 ਸਾਲ ਦੇ ਸਨ। ਸ੍ਰੀ ਗੁਸਾਈਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਸਨ ਅਤੇ ਅੱਜ ਸਵੇਰੇ ਸਾਹ ਲੈਣ ’ਚ ਤਕਲੀਫ਼ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਅੱਜ ਸ਼ਾਮੀਂ ਅੰਤਿਮ ਸਾਹ ਲਿਆ। ਸ੍ਰੀ ਗੋਸਾਈਂ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਿੱਚ ਆਉਂਦੇ ਸਨ। ਉਨ੍ਹਾਂ ਇੱਕ ਵਰਕਰ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਉਹ ਇੱਕ ਵਾਰ ਜ਼ਿਲ੍ਹਾ ਪ੍ਰਧਾਨ, ਕੌਂਸਲਰ, ਤਿੰਨ ਵਾਰ ਵਿਧਾਇਕ ਅਤੇ ਦੋ ਵਾਰ ਡਿਪਟੀ ਸਪੀਕਰ ਬਣੇ। ਉਹ ਕੁਝ ਸਮਾਂ ਸਿਹਤ ਮੰਤਰੀ ਵੀ ਬਣੇ ਸਨ। ਉਨ੍ਹਾਂ ਇੱਕ ਵਾਰ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਵੀ ਲੜੀ ਸੀ ਪਰ ਉਹ ਸਫ਼ਲ ਨਹੀਂ ਸਨ ਹੋ ਸਕੇ।