ਚੰਡੀਗੜ੍ਹ, 7 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਪ੍ਰਧਾਨ ਜੇ ਪੀ ਨੱਡਾ ਵੱਲੋਂ ਗਲਵਾਨ ਵਾਦੀ ਮੁੱਦੇ ’ਤੇ ਰਾਹੁਲ ਗਾਂਧੀ ਦੀ ਆਲੋਚਨਾ ਕਰਨ ’ਤੇ ਪਲਟਵਾਰ ਕਰਦਿਆਂ ਅੱਜ ਕਿਹਾ ਕਿ ਇਹ ਕੇਂਦਰ ਦੀ ਅਸਫਲਤਾ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਹੈ। ਜ਼ਿਕਰਯੋਗ ਹੈ ਕਿ ਨੱਡਾ ਨੇ ਸੋਮਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਹਮਲਾ ਕਰਦਿਆਂ ਕਿਹਾ ਸੀ ਕਿ ਉਹ ਰੱਖਿਆ ਮਾਮਲਿਆਂ ਦੀ ਸਥਾਈ ਸੰਸਦੀ ਸਮਿਤੀ ਦੀ ਇਕ ਵੀ ਮੀਟਿੰਗ ਵਿੱਚ ਸ਼ਾਮਲ ਨਈ ਹੋਏ ਅਤੇ ਉਨ੍ਹਾਂ ਦੋਸ਼ ਲਾਇਆ ਕਿ ਉਹ ਮੁਲਕ ਦਾ ‘ਹੌਸਲਾ’ ਡੇੇਗਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ’ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁੱਦੇ ’ਤੇ ਰਾਹੁਲ ਵੱਲੋਂ ਲਗਾਤਾਰ ਪੁੱਛੇ ਜਾ ਰਹੇ ਸਵਾਲਾਂ ਦਾ ਜਵਾਬ ਦੇਣ ਵਿੱਚ ਨਾਕਾਮ ਰਹਿਣ ਤੋਂ ਬਾਅਦ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੁਣ ‘ ਬੁਖਲਾਹਟ’ ਵਿੱਚ ਉਨ੍ਹਾਂ ’ਤੇ ਨਿਜੀ ਹਮਲਾ ਕਰਕੇ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਇਕ ਬਿਆਨ ਵਿੱਚ ਕਿਹਾ, ‘‘ ਸਿਰਫ ਰਾਹੁਲ ਗਾਂਧੀ ਹੀ ਨਹੀਂ ਸਗੋਂ ਪੂਰਾ ਦੇਸ਼ ਉਨ੍ਹਾਂ ਸਵਾਲਾਂ ਦਾ ਜਵਾਬ ਚਾਹੁੰਦਾ ਹੈ, ਜੋ ਨਾ ਸਿਰਫ ਸਾਡੇ ਫੌਜੀ ਜਵਾਨਾਂ ਅਤੇ ਦੇਸ਼ਵਾਸੀਆਂ ਨਾਲ ਜੁੜੇ ਹੋਏ ਹਨ ਅਤੇ ਜਿਹੜੇ ਜਾਣਨਾ ਚਾਹੁੰਦੇ ਹਨ ਕਿ 15 ਜੂਨ ਨੂੰ ਗਲਵਾਨ ਵਾਦੀ ਵਿੱਚ ਕੀ ਗਲਤ ਹੋਇਆ ਸੀ। ’’