ਸਤਵਿੰਦਰ ਬਸਰਾ/ਮਹੇਸ਼ ਸ਼ਰਮਾ
ਲੁਧਿਆਣਾ/ਅਹਿਮਦਗੜ੍ਹ, 9 ਮਈ
ਕਿਲ੍ਹਾ ਰਾਏਪੁਰ ਦੇ ਇੱਕ ਪੋਲਟਰੀ ਫਾਰਮ ’ਚ ਬਰਡ ਫਲੂ ਦਾ ਸੈਂਪਲ ਪਾਜ਼ੇਟਿਵ ਆਉਣ ਮਗਰੋਂ ਅੱਜ ਫਾਰਮ ’ਚ 19,200 ਮੁਰਗੀਆਂ ਮਾਰ ਕੇ ਮਿੱਟੀ ਵਿੱਚ ਦੱਬ ਦਿੱਤੀਆਂ ਗਈਆਂ। ਸੂਬਾ ਸਿੰਘ ਨਾਮੀ ਪੋਲਟਰੀ ਫਾਰਮ ਵਿੱਚ ਬਰਡ ਫਲੂ ਹੋਣ ਦੀ ਸੂਚਨਾ ਮਿਲਦਿਆਂ ਹੀ ਪਸ਼ੂ ਪਾਲਣ ਵਿਭਾਗ ਨੇ ਟੀਮਾਂ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਪਹਿਲੇ ਦਿਨ ਪੋਲਟਰੀ ਫਾਰਮ ਦੀਆਂ 19,200 ਮੁਰਗੀਆਂ ਨਸ਼ਟ ਕੀਤੀਆਂ ਗਈਆਂ। ਮੁਰਗੀਆਂ ਵੱਡੀ ਗਿਣਤੀ ਵਿੱਚ ਹੋਣ ਕਾਰਨ ਇਸ ਕੰਮ ਨੂੰ ਤਿੰਨ-ਚਾਰ ਦਿਨ ਹੋਰ ਲੱਗਣ ਦੀ ਸੰਭਾਵਨਾ ਹੈ। ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਇਸ ਸਬੰਧੀ ਜਾਰੀ ਕੀਤੇ ਪਲਾਨ ਤਹਿਤ ਸਬੰਧਤ ਪੋਲਟਰੀ ਫਾਰਮ ਤੋਂ ਇਲਾਵਾ ਇਸ ਦੇ ਇੱਕ ਕਿਲੋਮੀਟਰ ਦੇ ਘੇਰੇ ’ਚ ਪੈਂਦੇ ਸਮੁੱਚੇ ਪੋਲਟਰੀ ਪੰਛੀਆਂ, ਆਂਡਿਆਂ ਅਤੇ ਇਨ੍ਹਾਂ ਦੀ ਫੀਡ ਨਸ਼ਟ ਕੀਤੀ ਜਾਣੀ ਹੈ। ਇਸੇ ਤਰ੍ਹਾਂ 10 ਕਿਲੋਮੀਟਰ ਦੇ ਘੇਰੇ ’ਚ ਪੈਂਦੇ ਸਾਰੇ ਪੋਲਟਰੀ ਫਾਰਮਾਂ ਅਤੇ ਘਰਾਂ ’ਚ ਰੱਖੇ ਪੋਲਟਰੀ ਪੰਛੀਆਂ ਦੇ ਸੈਂਪਲ ਲਏ ਜਾਣਗੇ। ਇਸ ਸਬੰਧੀ ਕਿਲ੍ਹਾ ਰਾਏਪੁਰ ਦੇ ਸਿਵਲ ਹਸਪਤਾਲ ਵਿੱਚ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।
ਡਿਪਟੀ ਡਾਇਰੈਕਟਰ ਡਾ. ਪਰਮਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਸੂਬਾ ਸਿੰਘ ਦੇ ਪੋਲਟਰੀ ਫਾਰਮ ਵਿੱਚ ਬਰਡ ਫਲੂ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਜ 19,200 ਮੁਰਗੀਆਂ ਮਾਰੀਆਂ ਗਈਆਂ ਹਨ। ਆਉਂਦੇ ਤਿੰਨ-ਚਾਰ ਦਿਨ ਹੋਰ ਇਹ ਕਾਰਵਾਈ ਜਾਰੀ ਰਹੇਗੀ। ਅੰਦਾਜ਼ੇ ਅਨੁਸਾਰ ਇਸ ਫਾਰਮ ਵਿੱਚ 70 ਤੋਂ 75 ਹਜ਼ਾਰ ਮੁਰਗੀਆਂ ਹਨ। ਵਾਲੀਆ ਨੇ ਕਿਹਾ ਕਿ ਇਸ ਬਿਮਾਰੀ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ।