‘ਕਿਸਾਨ ਪਰੇਡ’ ਤੋਂ ਪਹਿਲਾਂ ਪੰਜਾਬ ’ਚ ਟਰੈਕਟਰ ਮਾਰਚਾਂ ਦੀ ਧੂੜ ਚੜ੍ਹੀ

ਪਿੰਡਾਂ ’ਚ ਹੋਏ ਟਰੈਕਟਰ ਮਾਰਚਾਂ ’ਚ ਵੱਡੀ ਗਿਣਤੀ ਨੌਜਵਾਨ ਸ਼ਾਮਲ; 18 ਦੇ ਮਹਿਲਾ ਕਿਸਾਨ ਦਿਵਸ ਲਈ ਤਿਆਰੀਆਂ ਜਾਰੀ

‘ਕਿਸਾਨ ਪਰੇਡ’ ਤੋਂ ਪਹਿਲਾਂ ਪੰਜਾਬ ’ਚ ਟਰੈਕਟਰ ਮਾਰਚਾਂ ਦੀ ਧੂੜ ਚੜ੍ਹੀ

ਜਲੰਧਰ ਵਿੱਚ ਸ਼ੁੱਕਰਵਾਰ ਨੂੰ ਟਰੈਕਟਰ ਰੈਲੀ ਕੱਢਦੇ ਹੋਏ ਕਿਸਾਨ। -ਫੋਟੋ: ਮਲਕੀਅਤ ਸਿੰਘ

ਚਰਨਜੀਤ ਭੁੱਲਰ

ਚੰਡੀਗੜ੍ਹ, 15 ਜਨਵਰੀ

ਪੰਜਾਬ ਦੇ ਹਜ਼ਾਰਾਂ ਪਿੰਡਾਂ ’ਚ ਅੱਜ ‘ਕਿਸਾਨ ਪਰੇਡ’ ਦੀ ਤਿਆਰੀ ਵਜੋਂ ਟਰੈਕਟਰ ਮਾਰਚਾਂ ਦੀ ਧੂੜ ਅਸਮਾਨੀ ਚੜ੍ਹੀ ਹੈ। ਅੱਜ ਪਿੰਡੋ-ਪਿੰਡ ਟਰੈਕਟਰ ਮਾਰਚ ਹੋਏ ਅਤੇ ਵੱਡੀ ਗਿਣਤੀ ’ਚ ਨੌਜਵਾਨਾਂ ਦੀ ਸ਼ਮੂਲੀਅਤ ਰਹੀ। ਕੇਂਦਰ ਸਰਕਾਰ ਦੀ ਅੱਜ ਦੀ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਕਿਸਾਨੀ ਰੋਹ ਹੋਰ ਤਿੱਖਾ ਹੋ ਗਿਆ। 32 ਕਿਸਾਨ ਧਿਰਾਂ ਵੱਲੋਂ 26 ਜਨਵਰੀ ਨੂੰ ਦਿੱਲੀ ’ਚ ‘ਕਿਸਾਨ ਪਰੇਡ’ ਦਾ ਐਲਾਨ ਕੀਤਾ ਹੋਇਆ ਹੈ ਜਿਸ ਦੀ ਤਿਆਰੀ ਲਈ ਪਿੰਡਾਂ ਵਿਚ ਟਰੈਕਟਰ ਮਾਰਚ ਚੱਲ ਰਹੇ ਹਨ। 

ਪ੍ਰਾਪਤ ਵੇਰਵਿਆਂ ਅਨੁਸਾਰ ਹਰ ਟਰੈਕਟਰ ਮਾਰਚ 15 ਤੋਂ 20 ਪਿੰਡਾਂ ਵਿਚੋਂ ਦੀ ਲੰਘ ਰਿਹਾ ਹੈ। ਕਿਸਾਨ ਧਿਰਾਂ ਦੇ ਸਥਾਨਕ ਆਗੂ ਇਨ੍ਹਾਂ ਟਰੈਕਟਰ ਮਾਰਚਾਂ ਦੀ ਅਗਵਾਈ ਕਰ ਰਹੇ ਹਨ। ਪਤਾ ਲੱਗਾ ਹੈ ਕਿ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਵੀ ਹੁਣ 20 ਤੇ 21 ਜਨਵਰੀ ਨੂੰ ਪੰਜਾਬ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਹੈ ਤਾਂ ਜੋ 26 ਜਨਵਰੀ ਦੇ ਟਰੈਕਟਰ ਮਾਰਚ ਦੀ ਤਿਆਰੀ ਕੀਤੀ ਜਾ ਸਕੇ। ਇਸ ਤੋਂ ਬਿਨਾਂ ਵੀ ਮਾਲਵੇ ਖ਼ਿੱਤੇ ਵਿੱਚ ਖਾਸ ਤੌਰ ’ਤੇ ਆਪਮੁਹਾਰੇ ਨੌਜਵਾਨ ਟਰੈਕਟਰ ਮਾਰਚ ਕਰ ਰਹੇ ਹਨ। 

ਪੰਜਾਬ ਵਿਚ ਸੌ ਤੋਂ ਵੱਧ ਥਾਵਾਂ ’ਤੇ ਕਿਸਾਨ ਧਿਰਾਂ ਦੀ ਅਗਵਾਈ ਵਿੱਚ ਕਿਸਾਨ ਧਰਨੇ ਜਾਰੀ ਹਨ ਅਤੇ ਇਨ੍ਹਾਂ ਧਰਨਿਆਂ ਵਿੱਚ ਵੱਡੀ ਗਿਣਤੀ ’ਚ ਲੋਕਾਂ ਦੀ ਸ਼ਮੂਲੀਅਤ ਹੋ ਰਹੀ ਹੈ। ਦਰਜਨਾਂ ਰੇਲਵੇ ਪਾਰਕਾਂ ਵਿੱਚ ਵੀ ਅੱਜ  ਨਾਅਰੇ ਗੂੰਜਦੇ ਰਹੇ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਜਥੇਬੰਦੀ ਵੱਲੋਂ 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮੌਕੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਅਤੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਦੇ ਜੱਦੀ ਪਿੰਡਾਂ ’ਚ ਔਰਤਾਂ ਦੇ ਵੱਡੇ ਇਕੱਠ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਦੀ ਤਿਆਰੀ ਵਜੋਂ 16 ਜ਼ਿਲ੍ਹਿਆਂ ਵਿਚ ਕਰੀਬ 1200 ਬੱਸਾਂ ਬੁੱਕ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦੇ ਜਥੇ ਖੁਦ ਵੀ ਇਸ ਦੀ ਤਿਆਰੀ ਵਿਚ ਜੁਟੇ ਹੋਏ ਹਨ। ਵੇਰਵਿਆਂ ਅਨੁਸਾਰ ਰਾਮਪੁਰਾ ਫੂਲ ਦੇ ਇਲਾਕੇ ਵਿਚ ਭਾਕਿਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਦੀ ਅਗਵਾਈ ਵਿਚ ਟਰੈਕਟਰ ਮਾਰਚ ਬੀਤੇ ਦਿਨ ਨਿਕਲ ਚੁੱਕਾ ਹੈ। 

ਭਾਕਿਯੂ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਹਰਿਆਣਾ ਦੇ ਹਰ ਪਿੰਡ ’ਚੋਂ ਵੱਡੀ ਗਿਣਤੀ ਵਿੱਚ ਟਰੈਕਟਰ 23 ਜਨਵਰੀ ਤੱਕ ਦਿੱਲੀ ਪੁੱਜ ਜਾਣਗੇ। ਉਨ੍ਹਾਂ ਦੱਸਿਆ ਕਿ ਟਰੈਕਟਰ ਮਾਰਚ ਦੇ ਜ਼ਾਬਤੇ ਲਈ ਵਾਲੰਟੀਅਰ ਲਾਏ ਜਾਣਗੇ। ਇਸੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਟਰੈਕਟਰ ਮਾਰਚ ਦੀ ‘ਕਿਸਾਨ ਪਰੇਡ’ ਮੌਕੇ ਦੇ ਰਣਨੀਤੀ ਅਤੇ ਰੂਟ ਪਲਾਨ ਬਾਰੇ ਇੱਕ-ਦੋ ਦਿਨਾਂ ਵਿਚ 40 ਕਿਸਾਨ ਧਿਰਾਂ ਵੱਲੋਂ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਦੇ ਪਿੰਡਾਂ ’ਚੋਂ ਵੱਡੀ ਗਿਣਤੀ ਵਿਚ ਟਰੈਕਟਰ ਦਿੱਲੀ ਪੁੱਜਣਗੇ।

ਜਨਵਰੀ ਵਾਲਾ ਪ੍ਰੋਗਰਾਮ ਲਾਜ਼ਮੀ ਹੋਵੇਗਾ: ਪੰਧੇਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਕੋਈ ਵੀ ਚਾਲ ਚੱਲੇ, ਉਹ 26 ਜਨਵਰੀ ਦੇ ਕਿਸਾਨ ਪਰੇਡ ਦੇ ਪ੍ਰੋਗਰਾਮ ਪ੍ਰਤੀ ਆਮ ਲੋਕਾਂ ’ਚ ਨਿਰਾਸ਼ਾ ਨਹੀਂ ਪੈਦਾ ਹੋਣ ਦੇਣਗੇ। ਉਨ੍ਹਾਂ ਦੱਸਿਆ ਕਿ 20 ਜਨਵਰੀ ਨੂੰ ਤਰਨ ਤਾਰਨ ਤੋਂ ਟਰੈਕਟਰ-ਟਰਾਲੀਆਂ ਦਾ ਵੱਡਾ ਜਥਾ ਸੁਖਵਿੰਦਰ ਸਿੰਘ ਸਭਰਾ ਅਤੇ ਹਰਪ੍ਰੀਤ ਸਿੰਘ ਸਿੱਧਵਾਂ ਦੀ ਅਗਵਾਈ ਵਿਚ ਦਿੱਲੀ ਲਈ ਰਵਾਨਾ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਠੰਢ ਦੇ ਬਾਵਜੂਦ ਜੰਡਿਆਲਾ ਗੁਰੂ ’ਚ ਧਰਨਾ ਜਾਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All