ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 31 ਅਗਸਤ
ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਆਖਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਸਿਰਫ਼ ਪੰਜਾਬ ਦਾ ਨਹੀਂ ਹੈ, ਸਗੋਂ ਇਹ ਹਰਿਆਣਾ, ਦਿੱਲੀ, ਰਾਜਸਥਾਨ ਦਾ ਸਾਂਝਾ ਹੈ ਤੇ ਇਸ ’ਤੇ ਇਨ੍ਹਾਂ ਚਾਰ ਸੂਬਿਆਂ ਦਾ ਬਰਾਬਰ ਹੱਕ ਹੈ। ਇਸ ਬਿਆਨ ਮਗਰੋਂ ਇਹ ਮਾਮਲਾ ਇਕ ਵਾਰ ਫਿਰ ਭਖ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਬੀਬੀਐੱਮਬੀ ਵਿਚੋਂ ਪੰਜਾਬ ਦੀ ਮੈਂਬਰੀ ਰੱਦ ਕਰਨ ਕਰਕੇ ਭਾਜਪਾ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਸੀ। ਉਹ ਅੱਜ ਮੁਹਾਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਸੰਬੋਧਨ ਕਰ ਰਹੇ ਸਨ। ਬੁੱਢੇ ਨਾਲੇ ਅਤੇ ਸਤਲੁਜ ਦਰਿਆ ਦੇ ਪ੍ਰਦੂਸ਼ਿਤ ਪਾਣੀ ਬਾਰੇ ਪੁੱਛੇ ਜਾਣ ’ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਇੱਕ ਵੱਡੀ ਚੁਣੌਤੀ ਹੈ। ਇਨ੍ਹਾਂ ’ਚ ਫੈਕਟਰੀਆਂ ਦਾ ਰਸਾਇਣ ਸੁੱਟਿਆ ਜਾ ਰਿਹਾ ਹੈ, ਜਿਸ ਦਾ ਦੇਸ਼ ਦੀ ਸਿਖਰਲੀ ਅਦਾਲਤ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਗੰਭੀਰ ਨੋਟਿਸ ਲਿਆ ਹੈ। ਸ੍ਰੀ ਸ਼ੇਖਾਵਤ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਮਾਮਲੇ ’ਚ ਨਿੱਜੀ ਦਖ਼ਲ ਦੇਣ ਲਈ ਕਿਹਾ ਹੈ। ਕਿਸਾਨਾਂ ਵੱਲੋਂ ਮੁੜ ਸੰਘਰਸ਼ ਦੇ ਰਾਹ ਪੈਣ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਖੁੱਲ੍ਹ ਦਿਲੀ ਨਾਲ ਖੇਤੀ ਕਾਨੂੰਨ ਵਾਪਸ ਲਏ ਸਨ ਪਰ ਹੁਣ ਵਿਰੋਧੀਆਂ ਵੱਲੋਂ ਐਮਐਸਪੀ ਕਮੇਟੀ ਦਾ ਰੌਲਾ ਪਾ ਕੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਮੇਟੀ ਵਿੱਚ ਕਿਸਾਨਾਂ ਦੇ ਨੁਮਾਇੰਦੇ ਵੀ ਸ਼ਾਮਲ ਹਨ। ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਕੇਂਦਰੀ ਮੰਤਰੀ ਨੇ ਗੱਲ ਹਾਸੇ ਵਿੱਚ ਟਾਲਦਿਆਂ ਕਿਹਾ ਕਿ ਇਸ ਸਬੰਧੀ ਚੰਡੀਗੜ੍ਹੀਆਂ ਦੀ ਰਾਏ ਵੀ ਪੁੱਛ ਲੈਣੀ ਚਾਹੀਦੀ ਹੈ। ਪੰਜਾਬ ਵਿੱਚ ਜਲ ਸੰਕਟ ਬਾਰੇ ਭਾਜਪਾ ਆਗੂ ਨੇ ਬਰਸਾਤੀ ਪਾਣੀ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਹਰ ਘਰ ਪਾਣੀ ਸਪਲਾਈ ਨੀਤੀ ਦਾ 80 ਫੀਸਦ ਟੀਚਾ ਪੂਰਾ ਕਰ ਲਿਆ ਹੈ। ਬੰਦੀ ਸਿੰਘਾਂ ਦੀ ਰਿਹਾਈ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਸੂਚੀ ਮੰਗ ਮੰਗ ਕੇ ਥੱਕ ਗਏ ਹਨ ਪਰ ਹੁਣ ਤੱਕ ਕਿਸੇ ਨੇ ਵੀ ਕੇਂਦਰ ਸਰਕਾਰ ਨੂੰ ਸਿੱਖ ਕੈਦੀਆਂ ਦੀ ਸੂਚੀ ਨਹੀਂ ਦਿੱਤੀ। ਇਸ ਮਗਰੋਂ ਉਨ੍ਹਾਂ ਨੇ ਰਤਨ ਪ੍ਰੋਫੈਸ਼ਨਲ ਕਾਲਜ, ਸੋਹਾਣਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਬਾਰੇ ਇੱਕ ਪੁਸਤਕ ’ਤੇ ਗੋਸ਼ਟੀ ਕੀਤੀ।
ਖਰੜ (ਪੱਤਰ ਪ੍ਰੇਰਕ): ਪਰਵਾਸ ਯੋਜਨਾ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਇੰਚਾਰਜ ਵੱਲੋਂ ਅੱਜ ਇਥੇ ਖਰੜ ਵਿਧਾਨ ਸਭਾ ਦੇ ਪਿੰਡ ਬਡਾਲੀ ਦੇ ਇੱਕ ਰਿਜ਼ੌਰਟ ਵਿੱਚ ਕਰਵਾਈ ਗਈ ਮੀਟਿੰਗ ਵਿੱਚ ਸ਼ਾਮਲ ਹੋਏ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਿਥੇ ਭਾਰਤ ਦਾ ਕੱਦ ਵਿਦੇਸ਼ਾਂ ’ਚ ਉੱਚਾ ਹੋਇਆ ਹੈ ਉਥੇ ਸਰਕਾਰੀ ਨੀਤੀਆਂ ਨਾਲ ਦੇਸ਼ ਤਰੱਕੀ ਦੇ ਰਾਹ ਪਿਆ ਹੈ।
ਭਾਜਪਾ ਵੱਲੋਂ ਚੋਣਾਂ ਆਪਣੇ ਬਲਬੂਤੇ ’ਤੇ ਲੜਨ ਦਾ ਐਲਾਨ
ਭਾਰਤੀ ਜਨਤਾ ਪਾਰਟੀ ਨੇ ਮਿਸ਼ਨ-2024 ਫ਼ਤਿਹ ਕਰਨ ਲਈ ਹੁਣੇ ਤੋਂ ਤਿਆਰੀਆਂ ਵਿੱਢ ਦਿੱਤੀਆਂ ਹਨ। ਪੰਜਾਬ ਦੌਰੇ ’ਤੇ ਆਏ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਸੂਬੇ ਵਿੱਚ ਭਾਜਪਾ ਦਾ ਵੋਟ ਬੈਂਕ ਵਧਿਆ ਹੈ ਤੇ ਆਗਾਮੀ ਲੋਕ ਸਭਾ ਚੋਣਾਂ ਭਾਜਪਾ ਆਪਣੇ ਬਲਬੂਤੇ ਅਤੇ ਵਿਕਾਸ ਦੇ ਨਾਂ ’ਤੇ ਲੜੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਹੋਣ ਕਰ ਕੇ ਭਾਜਪਾ ਛੋਟੇ ਭਾਈਵਾਲ ਵਜੋਂ ਚੋਣਾਂ ਵਿੱਚ ਹਿੱਸਾ ਲੈਂਦੀ ਸੀ, ਪਰ ਹੁਣ ਪਾਰਟੀ ਵੱਲੋਂ ਆਪਣੇ ਦਮ ’ਤੇ ਚੋਣਾਂ ਲੜੀਆਂ ਜਾਣਗੀਆਂ। ਸੂਬਾ ਸਰਕਾਰ ਬਾਰੇ ਗੱਲ ਕਰਦਿਆਂ ਸ੍ਰੀ ਸ਼ੇਖਾਵਤ ਨੇ ਕਿਹਾ ਕਿ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੂਬੇ ਦੇ ਲੋਕ ਨਾਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ‘ਆਪ’ ਦੇ ਹੱਕ ਵਿੱਚ ਇਤਿਹਾਸਕ ਫ਼ਤਵਾ ਦੇ ਕੇ 92 ਵਿਧਾਇਕ ਚੁਣ ਕੇ ਭੇਜੇ ਪਰ ਮੁਢਲੇ ਸਮੇਂ ਵਿੱਚ ਹੀ ਕਈ ਪਿੰਡਾਂ ਵਿੱਚ ‘ਆਪ’ ਵਿਰੁੱਧ ‘ਨੌ ਐਂਟਰੀ’ ਦੇ ਬੋਰਡ ਲੱਗਣ ਦੀ ਸੂਚਨਾ ਮਿਲੀ ਹੈ। ਦੂਜੇ ਪਾਸੇ ਕਾਂਗਰਸ ਨੂੰ ਗਾਂਧੀ ਪਰਿਵਾਰ ਦੀ ਪਾਰਟੀ ਦੱਸਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ’ਚੋਂ ਕਾਂਗਰਸ ਦਾ ਲਗਪਗ ਸਫ਼ਾਇਆ ਹੋ ਚੁੱਕਾ ਹੈ ਤੇ 2024 ਤੋਂ ਬਾਅਦ ਕਾਂਗਰਸ ਕਿਤੇ ਵੀ ਨਜ਼ਰ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਅੱਧੇ ਆਗੂ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਏ ਜਾਣ ਦੀ ਗੱਲ ਕਰ ਰਹੇ ਹਨ, ਜਦਕਿ ਬਾਕੀ ਆਗੂ ਕਾਂਗਰਸ ਦੀ ਹੋਂਦ ਬਚਾਉਣ ਲਈ ਉਸ ਨੂੰ ਪ੍ਰਧਾਨਗੀ ਹਟਾਉਣ ਦੀ ਦੁਹਾਈ ਦੇ ਰਹੇ ਹਨ। ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਭਾਜਪਾ ਆਗੂ ਤੀਕਸ਼ਣ ਸੂਦ, ਸੁਭਾਸ਼ ਸ਼ਰਮਾ, ਸੁਸ਼ੀਲ ਰਾਣਾ, ਸੰਜੀਵ ਵਸ਼ਿਸ਼ਟ, ਸੁਖਵਿੰਦਰ ਸਿੰਘ ਗੋਲਡੀ, ਨਰਿੰਦਰ ਰਾਣਾ, ਅਰੁਣ ਸ਼ਰਮਾ, ਅਸ਼ੋਕ ਝਾਅ ਅਤੇ ਰਮੇਸ਼ ਵਰਮਾ ਵੀ ਮੌਜੂਦ ਸਨ।