ਪਰਸ਼ੋਤਮ ਬੱਲੀ
ਬਰਨਾਲਾ, 16 ਜੂਨ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅਨਾਜ ਮੰਡੀਆਂ ‘ਚ ਮੂੰਗੀ ਅਤੇ ਮੱਕੀ ਦੀ ਫ਼ਸਲ ਦੀ ਬੇਕਦਰੀ ਖ਼ਿਲਾਫ਼ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਭਰਵੀਂ ਰੈਲੀ ਕੀਤੀ ਤੇ ਡੀਸੀ ਦਫ਼ਤਰ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਮੰਗ ਪੱਤਰ ਭੇਜਿਆ।
ਰੈਲੀ ਦੌਰਾਨ ਸੰਪੂਰਨ ਸਿੰਘ ਚੂੰਘਾਂ,ਦਰਸ਼ਨ ਸਿੰਘ ਉੱਗੋਕੇ,ਗੁਰਦੇਵ ਸਿੰਘ ਮਾਂਗੇਵਾਲ ਤੇ ਜੱਗਾ ਸਿੰਘ ਬਦਰਾ ਨੇ ਕਿਹਾ ਕਿ ਕੇਂਦਰੀ ਤੇ ਸੂਬਾਈ ਸਰਕਾਰਾਂ ਮੂੰਗੀ ਅਤੇ ਮੱਕੀ ਦੀ ਖਰੀਦ ‘ਚ ਬੇਲੋੜੀਆਂ ਸ਼ਰਤਾਂ ਮੜ੍ਹਕੇ ਕਿਸਾਨੀ ਨੂੰ ਖੱਜਲ ਕਰਨ ਦੇ ਰਾਹ ਤੁਰੀਆਂ ਹੋਈਆਂ ਹਨ। ਮੂੰਗੀ ਕਾਸ਼ਤ ਵਾਲੀ ਜ਼ਮੀਨ ਦੀਆਂ ਤਸਦੀਕਸ਼ੁਦਾ ਫਰਦਾਂ ਦੀ ਮੰਗ ਸਿਰਫ਼ ਸਹਿਕਾਰੀ ਸੁਸਾਇਟੀ ਦੀ ਦੁਕਾਨ ‘ਤੇ ਹੀ ਵਿਕਰੀ ਦੀ ਸ਼ਰਤ ਨੇ ਕਿਸਾਨ ਨੂੰ ਉਲਝਾਇਆ ਹੈ। ਇਸ ਤੋਂ ਇਲਾਵਾ ਇੱਕ ਕਿੱਲੇ ਦੀ ਪੰਜ ਕੁਇੰਟਲ ਤੇ ਕੁੱਲ ਪੱਚੀ ਕੁਇੰਟਲ ਹੀ ਇੱਕ ਕਿਸਾਨ ਵੇਚ ਸਕੇਗਾ, ਜਿੱਥੋਂ ਮੂੰਗੀ ਪੈਦਾ ਕੀਤੀ ਹੈ ਉਥੇ ਝੋਨੇ ਦੀ 126 ਕਿਸਮ ਹੀ ਬੀਜੇਗਾ ਤਾਂ ਹੀ ਮੂੰਗੀ ਦੀ ਅੱਧੀ ਪੇਮੈਂਟ ਉਸ ਦੇ ਖਾਤੇ ‘ਚ ਪਾਈ ਜਾਵੇਗੀ। ਖ਼ਰੀਦ ਦੇ ਪੈਮਾਨੇ ‘ਤੇ ਪੂਰੀ ਨਾ ਉਤਰਨ ਵਾਲੀ ਮੂੰਗੀ ਕਿਸਾਨ ਕਿੱਥੇ ਵੇਚੇ ਅਜੇ ਤੱਕ ਕੋਈ ਸਰਕਾਰੀ ਹਦਾਇਤ ਨਹੀਂ ਹੈ। ਬਾਬੂ ਸਿੰਘ ਖੁੱਡੀਕਲਾਂ, ਸਿਕੰਦਰ ਸਿੰਘ ਭੂਰੇ, ਜਸਬੀਰ ਸਿੰਘ ਬੀਹਲਾ, ਜਸਮੇਲ ਸਿੰਘ ਕਾਲੇਕੇ, ਦਰਸ਼ਨ ਸਿੰਘ ਮਹਿਤਾ, ਬਾਰਾ ਸਿੰਘ ਬਦਰਾ, ਭੋਲਾ ਸਿੰਘ ਛੰਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇੱਕ ਪਾਸੇ 46-47 ਡਿਗਰੀ ਤਾਪਮਾਨ ਦੀ ਅੱਗ ਵਰ ਰਹੀ ਹੈ, ਦੂਜੇ ਪਾਸੇ ਸਰਕਾਰ ਨੇ ਨਹਿਰਾਂ ਬੰਦ ਕੀਤੀਆਂ ਹੋਈਆਂ ਹਨ, ਜੇ ਅਜਿਹਾ ਕਿਸਾਨ ਵਿਰੋਧੀ ਰਵੱਈਆ ਨਾ ਬਦਲਿਆ ਤਾਂ ਜਲਦ ਹੀ 22 ਕਿਸਾਨ ਜਥੇਬੰਦੀਆਂ ਵਿਆਪਕ ਸੰਘਰਸ਼ ਦਾ ਐਲਾਨ ਕਰਨਗੀਆਂ। ਬੁਲਾਰਿਆਂ ਐੱਸਕੇਐੱੱਮ ਅਤੇ ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਦੇ ਆਗੂ ਅਸ਼ੀਸ਼ ਮਿੱਤਲ ਤੇ ਹੋਰਨਾਂ ਖ਼ਿਲਾਫ਼ ਯੋਗੀ ਹਕੂਮਤ ਵੱਲੋਂ ਪਰਚੇ ਦਰਜ ਕਰਕੇ ਗਿੑਫਤਾਰ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ।