ਨਿਰੰਜਣ ਬੋਹਾ
ਬੋਹਾ, 23 ਮਾਰਚ
ਪਿੰਡ ਗਾਦੜਪੱਤੀ ਦੇ ਲੋਕਾਂ ਨੇ ਅੱਜ ਇੱਥੇ ਗੁਰਦੁਆਰੇ ਵਿੱਚ ਮੀਟਿੰਗ ਕਰਕੇ ਪਿੰਡ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੀ ਮੀਟਿੰਗ ਨਾ ਹੋਣ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਇਹ ਪਾਬੰਦੀ ਜਾਰੀ ਰਹੇਗੀ।
ਇੱਕਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਬਲਾਕ ਉਪ ਪ੍ਰਧਾਨ ਅਵਤਾਰ ਸਿੰਘ ਦਹੀਆ, ਪ੍ਰਧਾਨ ਦੇਸ਼ ਪਾਲ ਸਿੰਘ, ਖ਼ਜ਼ਾਨਚੀ ਬਲਕਰਨ ਸਿੰਘ, ਹਰਚਰਨ ਸਿੰਘ, ਸਾਬਕਾ ਪੰਚ ਭੂਰਾ ਸਿੰਘ ਤੇ ਕੁਲਵੰਤ ਸਿੰਘ ਕੰਤੀ ਨੇ ਕਿਹਾ ਕਿ ਸਿਆਸੀ ਪਾਰਟੀਆਂ ਕਿਸਾਨ ਹਿੱਤਾਂ ਨਾਲੋਂ ਆਪਣੇ ਹਿੱਤਾਂ ਨੂੰ ਪਹਿਲ ਦਿੰਦੀਆਂ ਹਨ, ਜਿਸ ਕਰਕੇ ਲੋਕਾਂ ਵਿੱਚ ਸਿਆਸੀ ਆਗੂਆਂ ਖ਼ਿਲਾਫ਼ ਰੋਸ ਹੈ। ਉਨ੍ਹਾਂ ਕਿਹਾ ਕਿ ਇਹ ਸਿਆਸੀ ਪਾਰਟੀਆਂ ਦਾ ਬਾਈਕਾਟ ਨਹੀਂ ਸਗੋ ਸੰਕੇਤਕ ਵਿਰੋਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਿੰਡ ਦਾ ਕੋਈ ਵੀ ਵਸਨੀਕ ਕਿਸੇ ਵੀ ਸਿਆਸੀ ਪਾਰਟੀ ਨੂੰ ਵੋਟ ਪਾ ਸਕਦਾ ਹੈ ਪਰ ਉਹ ਸਿਆਸੀ ਪਾਰਟੀਆਂ ਦੀਆਂ ਮੀਟਿੰਗਾਂ ਤੋਂ ਦੂਰ ਰਹੇਗਾ। ਉਨ੍ਹਾਂ ਕਿਹਾ ਕਿ ਜੇ ਕਿਸੇ ਸਿਆਸੀ ਪਾਰਟੀ ਨੇ ਪਿੰਡ ਵਿੱਚ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਇੱਕਠ ਵਿਚ ਹਾਜ਼ਰ ਲੋਕਾਂ ਨੇ ਸਾਰੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ।