ਚਰਨਜੀਤ ਭੁੱਲਰ
ਚੰਡੀਗੜ੍ਹ, 13 ਸਤੰਬਰ
ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ’ਤੇ ਆਡੀਓ ਕਲਿੱਪ ਲੀਕ ਮਾਮਲੇ ’ਚ ਕੈਬਨਿਟ ’ਚੋਂ ਛਾਂਟੀ ਦੀ ਤਲਵਾਰ ਲਟਕਣ ਲੱਗੀ ਹੈ। ਕੈਬਨਿਟ ਮੰਤਰੀ ਸਰਾਰੀ ਦੇ ਇਸ ਮਾਮਲੇ ਕਰਕੇ ‘ਆਪ’ ਸਰਕਾਰ ਦੀ ਸਾਖ਼ ਵੀ ਦਾਅ ’ਤੇ ਲੱਗੀ ਹੈ ਅਤੇ ਦੂਸਰੀ ਤਰਫ਼ ਵਿਰੋਧੀ ਧਿਰਾਂ ਵੱਲੋਂ ਵੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਅਹਿਮ ਸੂਤਰਾਂ ਅਨੁਸਾਰ ‘ਆਪ’ ਸਰਕਾਰ ਵੱਲੋਂ ਇੱਕ ਦੋ ਦਿਨਾਂ ਵਿਚ ਹੀ ਇਸ ਮਾਮਲੇ ’ਤੇ ਸਖ਼ਤ ਫ਼ੈਸਲਾ ਲਿਆ ਜਾਣਾ ਹੈ। ਸੂਤਰਾਂ ਅਨੁਸਾਰ ਰਾਜ ਸਭਾ ਮੈਂਬਰ ਰਾਘਵ ਚੱਢਾ ਇਸ ਮਾਮਲੇ ਨੂੰ ਨੇੜਿਓਂ ਦੇਖ ਰਹੇ ਹਨ ਅਤੇ ਅੱਜ ਰਾਘਵ ਚੱਢਾ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਅਤੇ ਉਸ ਦੇ ਪੁਰਾਣੇ ਓ.ਐੱਸ.ਡੀ ਤਰਸੇਮ ਲਾਲ ਕਪੂਰ ਨਾਲ ਵੱਖੋ-ਵੱਖਰੇ ਤੌਰ ’ਤੇ ਮੀਟਿੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਤਰਸੇਮ ਲਾਲ ਕਪੂਰ ਨੇ ਅੱਜ ਮੰਤਰੀ ਖ਼ਿਲਾਫ਼ ਮੌਜੂਦ ਸਬੂਤ ਵੀ ਰਾਘਵ ਚੱਢਾ ਨੂੰ ਸੌਂਪੇ ਹਨ। ਸੂਤਰ ਦੱਸਦੇ ਹਨ ਕਿ ਰਾਘਵ ਚੱਢਾ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਸ ਤੋਂ ਜਾਣੂ ਕਰਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਵੇਲੇ ਜਰਮਨੀ ਦੌਰੇ ’ਤੇ ਹਨ ਜਿਨ੍ਹਾਂ ਵੱਲੋਂ ਇਸ ਪੂਰੇ ਮਾਮਲੇ ’ਤੇ ਰਿਪੋਰਟ ਹਾਸਲ ਕੀਤੀ ਗਈ ਹੈ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਚਾਹੁੰਦੇ ਹਨ ਕਿ ਇਸ ਮਾਮਲੇ ’ਚ ਸਖ਼ਤ ਕਦਮ ਉਠਾਇਆ ਜਾਵੇ। ਸੂਤਰਾਂ ਮੁਤਾਬਕ ਭਾਜਪਾ ਵੱਲੋਂ ਪੰਜਾਬ ਦੇ ‘ਆਪ’ ਵਿਧਾਇਕਾਂ ਦੀ ਖਰੀਦੋ-ਫ਼ਰੋਖ਼ਤ ਕੀਤੇ ਜਾਣ ਦੇ ਪਏ ਰੌਲ਼ੇ-ਰੱਪੇ ਕਰਕੇ ‘ਆਪ’ ਸਰਕਾਰ ਨੇ ਕੈਬਨਿਟ ਮੰਤਰੀ ਸਰਾਰੀ ਬਾਰੇ ਫ਼ੈਸਲਾ ਇੱਕ ਦੋ ਦਿਨਾਂ ਲਈ ਟਾਲ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ‘ਆਪ’ ਸਰਕਾਰ ਵਜ਼ੀਰ ਸਰਾਰੀ ਦੇ ਮੁੱਦੇ ’ਤੇ ਸਖ਼ਤ ਕਦਮ ਚੁੱਕਣ ਦੇ ਰੌਂਅ ਵਿਚ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੈਬਨਿਟ ਮੰਤਰੀ ਸਰਾਰੀ ਅਤੇ ਉਸ ਦੇ ਓ.ਐੱਸ.ਡੀ ਤਰਸੇਮ ਲਾਲ ਕਪੂਰ ਦੀ ਆਪਸੀ ਗੱਲਬਾਤ ਦੀ ਆਡੀਓ ਲੀਕ ਹੋਈ ਸੀ ਜਿਸ ਵਿਚ ਕਥਿਤ ਤੌਰ ’ਤੇ ਕਿਸੇ ਸੌਦੇਬਾਜ਼ੀ ਕੀਤੇ ਜਾਣ ਦੇ ਸੰਕੇਤ ਮਿਲਦੇ ਸਨ। ਤਰਸੇਮ ਲਾਲ ਕਪੂਰ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਉਸ ਨੇ ਇਹ ਆਡੀਓ ਮੁੱਖ ਮੰਤਰੀ ਵੱਲੋਂ ਜਾਰੀ ਕੀਤੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਵੀ ਭੇਜੀ ਸੀ। ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਆਪਣੀ ਸਰਕਾਰ ਦੇ ਇੱਕ ਵਜ਼ੀਰ ਵਿਜੈ ਸਿੰਗਲਾ ਨੂੰ ਵੀ ਬਰਖ਼ਾਸਤ ਕਰ ਦਿੱਤਾ ਸੀ। ਹੁਣ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਮੰਗ ਕੀਤੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਮੰਤਰੀ ਸਰਾਰੀ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ।