ਰਾਕੇਸ਼ ਸੈਣੀ
ਨੰਗਲ, 26 ਜੁਲਾਈ
ਸ੍ਰੀ ਅਨੰਦਪੁਰ ਸਾਹਿਬ ਜਲ ਸਪਲਾਈ ਵਿਭਾਗ ਨੇ ਤਲਵਾੜਾ ਦਬੇਟਾ ਤੇ ਦੜੌਲੀ ਵਿੱਚ ਹਾਈ ਹੈੱਡ ’ਤੇ ਚੱਲ ਰਹੀ ਜਲ ਸਪਲਾਈ ਨੂੰ ਨਵੀਂ ਤਕਨੀਕ ਦੀ ਮਸ਼ੀਨਰੀ ਨਾਲ ਪਾਣੀ ਦੀ ਕਲੋਰੀਨੇਸ਼ਨ ਕਰਨ ਦਾ ਉਪਰਾਲਾ ਕੀਤਾ ਹੈ। ਇਸਦੇ ਲਈ ਪਰਖ ਦੇ ਤੌਰ ’ਤੇ ਭਾਗੀਰਥ ਸਵੱਛ ਜਲ ਵਲੋਂ ਤਿਆਰ ਮਸ਼ੀਨਰੀ ਲਗਾ ਕੇ ਲੋਕਾਂ ਨੂੰ ਪੀਣ ਵਾਲਾ ਕਲੋਰੀਨੇਸ਼ਨ ਪਾਣੀ ਦੇਣ ਵਿੱਚ ਹੋਰ ਪੁਲਾਂਘ ਪੁੱਟ ਲਈ ਹੈ। ਕਾਰਜਕਾਰੀ ਇੰਜਨੀਅਰ ਜਲ ਸਪਲਾਈ ਡਿਵੀਜ਼ਨ ਅਨੰਦਪੁਰ ਸਾਹਿਬ ਮਾਈਕਲ ਨੇ ਦੱਸਿਆ ਕਿ ਕਲੋਰੀਨੇਸ਼ਨ ਮਿਕਸਿੰਗ ਪਲਾਟ ਭਾਗੀਰਥ ਸਵੱਛ ਜਲ ਬਨੂੜ ਜ਼ਿਲ੍ਹਾ ਮੁਹਾਲੀ ਵਿੱਚ ਤਿਆਰ ਹੋਇਆ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਮਸ਼ੀਨ ਵਿੱਚ ਦਾਣੇਦਾਰ ਕਲੋਰੀਨ, ਟੀਸੀਸੀਏ 90, ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਸਦੇ ਨਤੀਜੇ ਸੰਤੋਸ਼ਜਨਕ ਹਨ। ਭਾਗੀਰਥ ਸਵੱਛ ਜਲ ਦੇ ਪ੍ਰਬੰਧਕ ਮੁਲਤਾਨ ਮੇਕ ਦੇ ਸ੍ਰੀ ਨਿਲੇਸ਼ ਮੋਦੀ ਨੇ ਦੱਸਿਆ ਕਿ ਪਰਖ ਦੇ ਤੌਰ ’ਤੇ ਉਨ੍ਹਾਂ ਨੇ ਆਪਣੀਆਂ 2 ਮਸ਼ੀਨਾਂ ਤਲਵਾੜਾ ਦਬੇਟਾ ਅਤੇ ਦੜੌਲੀ ਵਿੱਚ ਸਥਾਪਤ ਕੀਤੀਆਂ ਹਨ ਜਿਸਦੀ ਜਲ ਸਪਲਾਈ ਵਿੱਚ ਵਿਭਾਗ ਦੇ ਅਧਿਕਾਰੀ ਨਿਰੰਤਰ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲ ਸਪਲਾਈ ਵਿਭਾਗ ਇਸ ਮਸ਼ੀਨਰੀ ਨੂੰ ਆਪਣੀ ਪਰਖ਼ ਵਿੱਚ ਸਹੀ ਪਾਉਂਦਾ ਹੈ ਤਾਂ ਉਹ ਪੰਜਾਬ ਦੇ ਹੋਰ ਖੇਤਰਾਂ ਵਿੱਚ ਵੀ ਇਹ ਮਸ਼ੀਨਰੀ ਸਥਾਪਤ ਕਰਨਗੇ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਸਾਫ਼਼ ਪਾਣੀ ਮੁਹੱਈਆਂ ਕਰਵਾਇਆ ਜਾ ਸਕੇ।