ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਅਗਸਤ
ਪੰਜਾਬ ਵਿਧਾਨ ਸਭਾ ਵੱਲੋਂ ਪਿਛਲੇ ਦਿਨੀਂ ਵਿਛੜ ਗਏ ਆਜ਼ਾਦੀ ਘੁਲਾਟੀਏ, ਗਲਵਾਨ ਘਾਟੀ ’ਚ ਸ਼ਹੀਦ, ਰਾਜਨੀਤਕ ਸ਼ਖਸੀਅਤਾਂ ਤੋਂ ਇਲਾਵਾ ਕਰੋਨਾ ਯੋਧਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਮੁੱਖ ਮੰਤਰੀ ਦੀ ਅਗਵਾਈ ਵਿੱਚ 15ਵੀਂ ਵਿਧਾਨ ਸਭਾ ਦੇ ਇੱਕ ਰੋਜ਼ਾ ਸੈਸ਼ਨ ਦੀ ਪਹਿਲੀ ਬੈਠਕ ਦੌਰਾਨ ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ, ਹਰਮਿੰਦਰ ਕੌਰ (ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾਤਾ), ਸਾਬਕਾ ਵਿਧਾਇਕ ਚਤਿੰਨ ਸਿੰਘ ਸਮਾਓ, ਸਾਬਕਾ ਰਾਜ ਮੰਤਰੀ ਹਰੀ ਸਿੰਘ ਜ਼ੀਰਾ ਅਤੇ ਜਸਟਿਸ (ਸੇਵਾਮੁਕਤ) ਸਤਪਾਲ ਬੰਗੜ ਨੂੰ ਸ਼ਰਧਾਂਜਲੀ ਦਿੱਤੀ ਗਈ। ਇਨ੍ਹਾਂ ਤੋਂ ਇਲਾਵਾ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ, ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ, ਸ਼ਹੀਦ ਫੌਜੀਆਂ ਨਾਇਬ ਸੂਬੇਦਾਰ ਮਨਦੀਪ ਸਿੰਘ, ਨਾਇਬ ਸੂਬੇਦਾਰ ਸਤਨਾਮ ਸਿੰਘ, ਨਾਇਕ ਰਾਜੇਸ਼ ਕੁਮਾਰ, ਨਾਇਕ ਰਾਜਵਿੰਦਰ ਸਿੰਘ, ਨਾਇਕ ਸਲੀਮ ਖਾਨ, ਨਾਇਕ ਗੁਰਚਰਨ ਸਿੰਘ, ਸਿਪਾਹੀ ਗੁਰਬਿੰਦਰ ਸਿੰਘ, ਸਿਪਾਹੀ ਲਖਵੀਰ ਸਿੰਘ ਅਤੇ ਸਿਪਾਹੀ ਗੁਰਤੇਜ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਆਜ਼ਾਦੀ ਘੁਲਾਟੀਆਂ ਸੁੱਚਾ ਸਿੰਘ, ਪਿਆਰਾ ਸਿੰਘ, ਤਖਤ ਸਿੰਘ, ਅਜੀਤ ਸਿੰਘ, ਵਰਿਆਮ ਸਿੰਘ, ਸੰਤੋਖ ਸਿੰਘ ਅਤੇ ਦਲੀਪ ਸਿੰਘ, ਨਾਮਵਰ ਕਲਾਕਾਰ ਸਤੀਸ਼ ਗੁਜਰਾਲ ਅਤੇ ਇੰਜਨੀਅਰ ਜਸਵੰਤ ਸਿੰਘ ਗਿੱਲ ਨੂੰ ਯਾਦ ਕੀਤਾ ਗਿਆ। ਵਿਧਾਨ ਸਭਾ ਵੱਲੋਂ ਧਾਰਮਿਕ ਆਗੂ ਆਚਰਿਆ ਮਹਾਂਪ੍ਰਗਿਆ ਅਤੇ ਸੁਰਿੰਦਰ ਡੋਗਰਾ (ਵਿਧਾਇਕ ਅਰੁਣ ਡੋਗਰਾ ਦੇ ਮਾਤਾ) ਨੂੰ ਯਾਦ ਕੀਤਾ ਗਿਆ।