ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਮਈ
ਪੰਜਾਬ ਪੁਲੀਸ ਨੂੰ ਹਮੇਸ਼ਾ ਹੀ ਮਾੜੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਪਰ ਪੰਜਾਬ ਪੁਲੀਸ ਦਾ ਮਾਨਵਤਾ ਪੱਖੀ ਚਿਹਰਾ ਵੀ ਸਾਹਮਣੇ ਆਇਆ ਹੈ। ਇਥੋਂ ਦੀ ਮਹਿਲਾ ਏਐਸਆਈ ਸੁਨੀਤਾ ਰਾਣੀ ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕਰ ਰਹੀ ਹੈ ਜਿਨ੍ਹਾਂ ਲਾਸ਼ਾਂ ਦਾ ਕੋਈ ਵਾਰਸ ਨਹੀਂ ਹੁੰਦਾ, ਉਨ੍ਹਾਂ ਲਾਸ਼ਾਂ ਦੀ ਵਾਰਸ ਬਣ ਕੇ ਉਹ ਅੰਤਿਮ ਰਸਮਾਂ ਨਿਭਾ ਰਹੀ ਹੈ। ਸੁਨੀਤਾ ਰਾਣੀ ਪਿਛਲੇ ਚਾਰ ਸਾਲਾਂ ਵਿੱਚ ਹੁਣ ਤੱਕ 2 ਹਜ਼ਾਰ ਤੋਂ ਵੱਧ ਲਾਸ਼ਾਂ ਦਾ ਸਸਕਾਰ ਕਰ ਚੁੱਕੀ ਹੈ।
ਅਸਿਸਟੈਂਟ ਸਬ ਇੰਸਪੈਕਟਰ ਸੁਨੀਤਾ ਸਸਕਾਰ ਕਰਨ ਤੋਂ ਬਾਅਦ ਅਸਥੀਆਂ ਵੀ ਰੀਤੀ ਰਿਵਾਜਾਂ ਅਨੁਸਾਰ ਜਲ ਪ੍ਰਵਾਹ ਕਰਦੀ ਹੈ। ਇਸ ਤੋਂ ਇਲਾਵਾ ਅੰਤਿਮ ਅਰਦਾਸ ਵੀ ਕਰਵਾਉਂਦੀ ਹੈ। ਉਹ ਇਹ ਨੇਕ ਕੰਮ ਵੀ ਆਪਣੇ ਹੱਥਾਂ ਨਾਲ ਕਰਦੀ ਹੈ।
ਸਲੇਮ ਟਾਬਰੀ ਸਥਿਤ ਸ਼ਮਸ਼ਾਨਘਾਟ ਵਿੱਚ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਆਈ ਏਐਸਆਈ ਸੁਨੀਤਾ ਰਾਣੀ ਨੇ ਦੱਸਿਆ ਕਿ ਕਰੋਨਾ ਕਾਲ ਦੌਰਾਨ ਜਦੋਂ ਲੋਕ ਆਪਣੇ ਸਕਿਆਂ ਤੋਂ ਵੀ ਦੂਰ ਹੋਣ ਲੱਗੇ ਸਨ ਤਾਂ ਵੀ ਉਸ ਨੇ ਇਹ ਕੰਮ ਜਾਰੀ ਰੱਖਿਆ ਸੀ। ਇੱਕ ਲਾਸ਼ ਦੇ ਸਸਕਾਰ ’ਤੇ 3000 ਤੋਂ 3500 ਰੁਪਏ ਖਰਚਾ ਆਉਂਦਾ ਹੈ। ਉਹ ਖਰਚਾ ਵੀ ਉਹ ਖੁਦ ਕਰਦੀ ਹੈ। ਜੇਕਰ ਕੋਈ ਪੁਲੀਸ ਮੁਲਾਜ਼ਮ ਉਸ ਨੂੰ ਪੈਸੇ ਦਿੰਦਾ ਹੈ ਤਾਂ ਉਹ ਪੈਸੇ ਲੈ ਲੈਂਦੀ ਹੈ, ਨਹੀਂ ਤਾਂ ਆਪਣੇ ਕੋਲੋਂ ਪੈਸੇ ਖ਼ਰਚਦੀ ਹੈ।
ਉਸ ਨੇ ਸਾਲ 2000 ’ਚ ਅਜਿਹੀਆਂ ਲਾਸ਼ਾਂ ਦਾ ਸਸਕਾਰ ਕਰਨ ਦਾ ਮਨ ਬਣਾਇਆ। ਉਦੋਂ ਉਹ ਲੋਕਾਂ ਦੀ ਸਹਾਇਤਾ ਨਾਲ ਲਾਸ਼ਾਂ ਦਾ ਸਸਕਾਰ ਕਰਦੀ ਸੀ ਪਰ 2017 ਤੋਂ ਇਹ ਸੇਵਾ ਲਗਾਤਾਰ ਆਪ ਕਰ ਰਹੀ ਹੈ।