ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਜਨਵਰੀ
ਇੱਥੇ ਪੰਜਾਬ ਵਾਤਾਵਰਨ ਲੋਕ ਚੇਤਨਾ ਲਹਿਰ ਦੀ ਅਗਵਾਈ ਕਰ ਰਹੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਕਨਵੀਨਰ ਕਾਹਨ ਸਿੰਘ ਪੰਨੂ ਵੱਲੋਂ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਅਧਿਕਾਰੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ ਜਿਸ ਰਾਹੀਂ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਦੌਰਾਨ ਜਾਰੀ ਕੀਤੇ ਜਾਣ ਵਾਲੇ ਚੋਣ ਮਨੋਰੱਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਮੰਗ ਕੀਤੀ ਗਈ ਹੈ। ਪੰਜਾਬ ਦੇ ਚੋਣ ਕਮਿਸ਼ਨਰ ਡਾ. ਐੱਸ ਕਰੁਣਾ ਰਾਜੂ ਮੰਗ ਪੱਤਰ ਨੂੰ ਭਾਰਤ ਸਰਕਾਰ ਦੇ ਮੁੱਖ ਚੋਣ ਕਮਿਸ਼ਨਰ ਤੱਕ ਪਹੁੰਚਾਉਣਗੇ।
ਪੰਜਾਬ ਵਿੱਚ ਲੋਕ ਚੇਤਨਾ ਲਹਿਰ ਦੇ ਕਨਵੀਨਰ ਕਾਹਨ ਸਿੰਘ ਪਨੂੰ ਨੇ ਕਿਹਾ ਕਿ ਅੱਜ ਤੱਕ ਸਰਕਾਰਾਂ ਸਾਡਾ ਮੁੱਢਲਾ ਜਿਊਣ ਦਾ ਅਧਿਕਾਰ ਪ੍ਰਦਾਨ ਕਰਨ ਵਿੱਚ ਨਾਕਾਮ ਰਹੀਆਂ ਹਨ। ਸਿਆਸੀ ਪਾਰਟੀਆਂ ਨੇ ਝੂਠੇ ਲੋਕ ਲੁਭਾਉਣੇ ਲਾਰੇ ਲਾ ਕੇ ਉਨ੍ਹਾਂ ਦਾ ਭਾਵਨਾਤਮਕ ਸ਼ੋਸ਼ਣ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸਿਆਸੀ ਪਾਰਟੀਆਂ ਵੱਲੋਂ ਲਾਲਚ ਦੇ ਕੇ ਅਤੇ ਝੂਠੇ ਲੋਕ ਲੁਭਾਊ ਵਾਅਦਿਆਂ ਨਾਲ ਲੋਕਾਂ ਦੀ ਭਾਵਨਾਤਮਕ ਸ਼ੋਸ਼ਣ ਰੋਕਣ ਅਤੇ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਤਾਂ ਜੋ ਲੋਕ ਆਪਣੇ ਜਿਊਣ ਦੇ ਅਧਿਕਾਰ ਸ਼ੁੱਧ ਹਵਾ ਪਾਣੀ ਤੇ ਖੁਰਾਕ ਅਤੇ ਲੋਕ ਮਸਲਿਆਂ ਦੇ ਹੱਲ ਲਈ ਨਿਡਰ ਤੇ ਆਸਵੰਦ ਹੋ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।
ਲੋਕ ਮੁੱਦਿਆਂ ’ਤੇ ਸਿਆਸੀ ਪਾਰਟੀਆਂ ਚੁੱਪ: ਸੀਚੇਵਾਲ
ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀ ਹਵਾ, ਪਾਣੀ ਤੇ ਧਰਤੀ ਤਿੰਨੋਂ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੇ ਹਨ। ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਜਿਥੇ ਹਰ 5 ਸਾਲ ਬਾਅਦ ਲੋਕ ਆਪਣੀ ਵੋਟ ਦੀ ਤਾਕਤ ਨਾਲ ਸਰਕਾਰ ਦੀ ਚੋਣ ਕਰਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਹਰ ਵਾਰ ਲੋਕ ਸੇਵਾ ਦੇ ਨਾਂ ’ਤੇ ਸਿਆਸੀ ਪਾਰਟੀਆਂ ਸੱਤਾ ਤਾਂ ਹਾਸਲ ਕਰ ਲੈਂਦੀਆਂ ਹਨ, ਪਰ ਲੋਕਾਂ ਦੇ ਜੀਵਨ ਨਾਲ ਜੁੜੇ ਇਸ ਅਹਿਮ ਮੁੱਦੇ ’ਤੇ ਹਮੇਸ਼ਾ ਚੁੱਪ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਸਫ਼ਲਤਾ ਲਈ ਲੋਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਹਰ ਵਾਰ ਵਾਤਾਵਰਨ, ਸਿੱਖਿਆ, ਸਿਹਤ, ਰੁਜ਼ਗਾਰ, ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੇ ਹਾਲਾਤ ਸੁਧਾਰਨ ਲਈ ਢੁੱਕਵਾਂ ਅਤੇ ਠੋਸ ਹੱਲ ਚੋਣ ਮੈਨੀਫੈਸਟੋ ਦਾ ਹਿੱਸਾ ਨਹੀਂ ਹੁੰਦਾ ਤੇ ਜੇਕਰ ਹੁੰਦਾ ਹੈ ਤਾਂ ਸਰਕਾਰ ਬਣਨ ’ਤੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਂਦੇ ਹਨ।