ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਅਪਰੈਲ
ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੱਥੇ ਵਿਜੀਲੈਂਸ ਬਿਊਰੋ ਨੇ ਆਡੀਓ ਰਿਕਾਰਡਿੰਗ ਦੇ ਆਧਾਰ ’ਤੇ ਚੌਕੀ ਇੰਚਾਰਜ ਤੇ ਮੁਨਸ਼ੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਡੀਐੱਸਪੀ ਵਿਜੀਲੈਂਸ ਕੇਵਲ ਕ੍ਰਿਸ਼ਨ ਨੇ ਆਖਿਆ ਕਿ ਵੱਢੀ ਮੰਗਣ ਦੀ ਆਡੀਓ ਰਿਕਾਰਡਿੰਗ ਦੀ ਮੁੱਢਲੀ ਜਾਂਚ ਪੜਤਾਲ ਤੋਂ ਬਾਅਦ ਜ਼ਿਲ੍ਹਾ ਬਠਿੰਡਾ ਦੇ ਪਿੰਡ ਅਕਲੀਆ ਵਾਸੀ ਚਤੁਰਵੇਦੀ ਸ਼ਰਮਾ ਦੀ ਸ਼ਿਕਾਇਤ ਉੱਤੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੁਲੀਸ ਚੌਕੀ ਦੀਨਾ ਸਾਹਿਬ ਦੇ ਤਤਕਾਲੀ ਇੰਚਾਰਜ ਏਐੱਸਆਈ ਪ੍ਰੀਤਮ ਸਿੰਘ ਅਤੇ ਮੁਨਸ਼ੀ ਦਾ ਕੰਮ ਕਰਦੇ ਸਿਪਾਹੀ ਮਨਦੀਪ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਵਿਜੀਲੈਂਸ ਮੁਤਾਬਕ ਸ਼ਿਕਾਇਤਕਰਤਾ ਦੇ ਪਿਤਾ ਖ਼ਿਲਾਫ਼ 9 ਜੂਨ 2021 ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਪੁਲੀਸ ਉਸ ਦੇ ਪਿਤਾ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕਰਨ ਸਮੇਂ ਉਨ੍ਹਾਂ ਦੀ ਕਾਰ ਵੀ ਨਾਲ ਲੈ ਆਈ ਜਦੋਂਕਿ ਪੁਲੀਸ ਨੇ ਉਸ ਦੇ ਪਿਤਾ ਦੀ ਪਿੰਡ ਪੱਖਰ ਵੱਢ ਤੋਂ ਗ੍ਰਿਫ਼ਤਾਰੀ ਦਿਖਾਈ ਹੈ। ਇਸ ਕੇਸ ਦੀ ਤਫ਼ਤੀਸ਼ ਏਐੱਸਆਈ ਪ੍ਰੀਤਮ ਸਿੰਘ ਕਰ ਰਿਹਾ ਸੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਉਨ੍ਹਾਂ ਦੀ ਕਾਰ ਵਾਪਸ ਦੇਣ ਬਦਲੇ ਕਥਿਤ ਦੋ ਲੱਖ ਰੁਪਏ ਵੱਢੀ ਦੀ ਮੰਗ ਕੀਤੀ ਸੀ। ਉਨ੍ਹਾਂ ਕੁਝ ਰਕਮ ਮੌਕੇ ’ਤੇ ਲੈ ਲਈ। 50 ਹਜ਼ਾਰ ਰੁਪਏ ਦੀ ਰਹਿੰਦੀ ਰਕਮ ਮੋਬਾਈਲ ਉੱਤੇ ਮੰਗੀ ਤਾਂ ਸ਼ਿਕਾਇਤਕਰਤਾ ਨੇ ਆਵਾਜ਼ ਰਿਕਾਰਡ ਕਰ ਲਈ ਸੀ। ਵਿਜੀਲੈਂਸ ਨੇ ਆਡੀਓ ਰਿਕਾਰਡਿੰਗ ਦੀ ਜਾਂਚ ਮਗਰੋਂ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।