ਖੇਤਰੀ ਪ੍ਰਤੀਨਿਧ
ਸਨੌਰ, 6 ਫਰਵਰੀ
ਘਨੌਰ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ, ਸਨੌਰ ਤੋਂ ਅਕਾਲੀ ਉਮੀਦਵਾਰ ਹਰਿੰੰਦਰਪਾਲ ਚੰਦੂਮਾਜਰਾ, ਅਕਾਲੀ ਆਗੂ ਜਗਜੀਤ ਕੋਹਲੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਕਰਤਾਰਪੁਰ ਨੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਕਾਰਵਾਈ ਨੂੰ ਰੇਤ ਮਾਫੀਆ ਦੀ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦਾ ਮਾਲਕ ਬਣੇ ਬੈਠੇ ਚੰਨੀ ਆਪਣੇ ਆਪ ਨੂੰ ਗਰੀਬ ਘਰ ਦਾ ਪੁੱਤ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਐਲਾਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਅਜਿਹੇ ਗੋਰਖਧੰਦਿਆਂ ਨੂੰ ਕਾਂਗਰਸ ਹਾਈ ਕਮਾਂਡ ਹੀ ਹੱਲਾਸ਼ੇਰੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਗੁੱਸੇ ਦਾ ਪ੍ਰਗਟਾਵਾ 20 ਫਰਵਰੀ ਨੂੰ ਕਾਂਗਰਸ ਖ਼ਿਲਾਫ਼ ਅਤੇ ਅਕਾਲੀ ਦਲ ਦੇ ਹੱਕ ’ਚ ਫਤਵਾ ਦੇ ਕੇ ਕਰਨਗੇ।