ਚਰਨਜੀਤ ਭੁੱਲਰ
ਚੰਡੀਗੜ੍ਹ, 20 ਜੁਲਾਈ
ਪੰਜਾਬ ਸਰਕਾਰ ਵੱਲੋਂ ਧਨਾਢ ਸਨਅਤਕਾਰਾਂ ਨੂੰ ਚੁੱਪ-ਚੁਪੀਤੇ ਬਿਜਲੀ ਸਬਸਿਡੀ ਦੇ ਖੁੱਲ੍ਹੇ ਗੱਫੇ ਦਿੱਤੇ ਜਾਂਦੇ ਹਨ ਜਦੋਂਕਿ ਕਿਸਾਨਾਂ ਦੀ ਬਿਜਲੀ ਸਬਸਿਡੀ ਦੇ ਢੋਲ ਵੱਜ ਜਾਂਦੇ ਹਨ। ਦਿਲਚਸਪ ਤੱਥ ਹਨ ਕਿ ਪੰਜਾਬ ਦੇ ਸਿਖਰਲੇ ਇੱਕ ਸੌ ਸਨਅਤ ਮਾਲਕ ਸਾਲਾਨਾ ਕਰੀਬ 500 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਲੈ ਰਹੇ ਹਨ ਜਿਨ੍ਹਾਂ ’ਚੋਂ ਇਕੱਲੇ ਨਾਹਰ ਗਰੁੱਪ (ਪੰਜ ਕੁਨੈਕਸ਼ਨ) ਨੂੰ 33.20 ਕਰੋੜ ਅਤੇ ਵਰਧਮਾਨ ਗਰੁੱਪ (ਚਾਰ ਕੁਨਕੈਸ਼ਨ) ਨੂੰ 27.86 ਕਰੋੜ ਦੀ ਬਿਜਲੀ ਸਪਲਾਈ ਲੰਘੇ ਵਰ੍ਹੇ ਦਿੱਤੀ ਹੈ। ਪੰਜਾਬ ’ਚ ਕੁੱਲ ਕਰੀਬ 94 ਲੱਖ ਬਿਜਲੀ ਕੁਨੈਕਸ਼ਨ ਹਨ ਅਤੇ ਕਰੀਬ 37 ਫੀਸਦੀ ਖ਼ਪਤਕਾਰ ਇਸ ਵੇਲੇ ਬਿਜਲੀ ਸਬਸਿਡੀ ਲੈ ਰਹੇ ਹਨ।
ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਤਰਫੋਂ ਕਰੀਬ ਨੌ ਹਜ਼ਾਰ ਵੱਡੇ ਸਨਅਤਕਾਰਾਂ (ਲਾਰਜ ਸਕੇਲ) ਨੂੰ ਕਰੀਬ 1261 ਕਰੋੜ ਰੁਪਏ ਸਾਲਾਨਾ ਸਬਸਿਡੀ ਬਿਜਲੀ ਖਪਤ ਦੇ ਹਿਸਾਬ ਨਾਲ ਦਿੱਤੀ ਜਾ ਰਹੀ ਹੈ। ਮਤਲਬ ਪ੍ਰਤੀ ਸਨਅਤਕਾਰ ਔਸਤਨ 14 ਲੱਖ ਰੁਪਏ ਸਾਲਾਨਾ ਸਬਸਿਡੀ ਮਿਲ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਔਸਤਨ ਪ੍ਰਤੀ ਕਿਸਾਨ ਸਾਲਾਨਾ 47,857 ਰੁਪਏ ਦੀ ਸਬਸਿਡੀ ਮਿਲ ਰਹੀ ਹੈ। ਪੰਜਾਬ ਵਿੱਚ ਕਰੀਬ 14 ਲੱਖ ਖੇਤੀ ਕੁਨੈਕਸ਼ਨ ਹਨ, ਜਿਨ੍ਹਾਂ ਨੂੰ 6700 ਕਰੋੜ ਦੀ ਬਿਜਲੀ ਸਪਲਾਈ ਮਿਲਦੀ ਹੈ।
ਮੌਜੂਦਾ ਸਰਕਾਰ ਵੱਲੋਂ ਉਦਯੋਗਿਕ ਖੇਤਰ ਦੀ ਲਾਰਜ ਅਤੇ ਮੀਡੀਅਮ ਸਕੇਲ ਸਨਅਤ ਨੂੰ ਬਿਜਲੀ ਪ੍ਰਤੀ ਯੂਨਿਟ 5 ਰੁਪਏ ਦਿੱਤੀ ਜਾ ਰਹੀ ਹੈ ਅਤੇ ਫਿਕਸਿਡ ਚਾਰਜਿਜ਼ ਵਿੱਚ ਕੋਈ ਰਿਆਇਤ ਨਹੀਂ ਦਿੱਤੀ ਗਈ ਹੈ। ਸਮਾਲ ਸਕੇਲ ਸਨਅਤਾਂ ਨੂੰ ਫਿਕਸਡ ਚਾਰਜਜ਼ ਤੋਂ ਛੋਟ ਤੋਂ ਇਲਾਵਾ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਸਾਲ 2020-21 ਵਿਚ ਉਦਯੋਗਿਕ ਖੇਤਰ ਨੂੰ 1558 ਕਰੋੜ ਦੀ ਬਿਜਲੀ ਸਪਲਾਈ ਦਿੱਤੀ ਗਈ ਹੈ, ਜਿਨ੍ਹਾਂ ’ਚੋਂ ਸਭ ਤੋਂ ਵੱਧ 1261 ਕਰੋੜ ਦੀ ਬਿਜਲੀ ਸਬਸਿਡੀ ਵੱਡੇ ਉਦਯੋਗਾਂ ਨੂੰ ਮਿਲੀ ਹੈ।
ਸਾਲ 2020-21 ਵਿੱਚ ਸਮਾਲ ਪਾਵਰ ਸਨਅਤਾਂ ਨੂੰ ਸਿਰਫ 137.33 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਗਈ ਹੈ ਜਦੋਂਕਿ ਮੀਡੀਅਮ ਸਪਲਾਈ ਸਨਅਤਾਂ ਨੂੰ 160.49 ਕਰੋੜ ਦੀ ਸਬਸਿਡੀ ਮਿਲੀ ਹੈ। ਜਾਣਕਾਰੀ ਅਨੁਸਾਰ ਕਰੀਬ 31 ਹਜ਼ਾਰ ਮੀਡੀਅਮ ਸਪਲਾਈ ਸਨਅਤਾਂ ਨੂੰ ਪ੍ਰਤੀ ਕੁਨੈਕਸ਼ਨ ਔਸਤਨ 51,773 ਰੁਪਏ ਸਾਲਾਨਾ ਸਬਸਿਡੀ ਦਿੱਤੀ ਗਈ ਹੈ ਜਦੋਂ ਕਿ ਕਰੀਬ 94 ਹਜ਼ਾਰ ਸਮਾਲ ਪਾਵਰ ਸਨਅਤਾਂ ਨੂੰ ਪ੍ਰਤੀ ਕੁਨੈਕਸ਼ਨ ਔਸਤਨ 14,610 ਰੁਪਏ ਸਾਲਾਨਾ ਸਬਸਿਡੀ ਮਿਲੀ ਹੈ।
ਐੱਸਸੀ/ਬੀਸੀ/ਬੀਪੀਐੱਲ ਪਰਿਵਾਰਾਂ ਨੂੰ 200 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ। ਇਸ ਸ਼੍ਰੇਣੀ ’ਚ ਕਰੀਬ 23 ਲੱਖ ਪਰਿਵਾਰ ਆਉਂਦੇ ਹਨ, ਜਿਨ੍ਹਾਂ ਨੂੰ ਸਾਲ 2020-21 ਵਿੱਚ 1943 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਗਈ। ਸਭ ਸ਼੍ਰੇਣੀਆਂ ’ਚੋਂ ਧਨਾਢ ਸਨਅਤਕਾਰ ਬਿਜਲੀ ਸਬਸਿਡੀ ਦਾ ਭਾਰੀ ਗੱਫਾ ਲੈਣ ਵਿੱਚ ਮੋਹਰੀ ਹਨ ਜਦੋਂ ਕਿ ਪੰਜਾਬ ਦੇ ਸਿਆਸੀ ਮੈਦਾਨ ਵਿੱਚ ਚਰਚਾ ਸਿਰਫ਼ ਕਿਸਾਨਾਂ ਤੇ ਗਰੀਬ ਪਰਿਵਾਰਾਂ ਦੀ ਬਿਜਲੀ ਸਬਸਿਡੀ ਦੀ ਹੁੰਦੀ ਹੈ।
ਸਾਲ 2020-21 ਦੇ ਹਿਸਾਬ ਨਾਲ ਪੰਜਾਬ ਵਿੱਚ ਟੌਪ ਦੇ 100 ਸਨਅਤਕਾਰਾਂ ਨੂੰ 521.98 ਕਰੋੜ ਦੀ ਬਿਜਲੀ ਸਪਲਾਈ ਇੱਕ ਸਾਲ ’ਚ ਮਿਲੀ ਹੈ। ਪੰਜਾਬ ’ਚ ਜਿਹੜੇ ਟੌਪ ਦੇ 10 ਉਦਯੋਗਪਤੀ ਹਨ, ਉਨ੍ਹਾਂ ਨੂੰ ਇਸ ਵਰ੍ਹੇ ਵਿੱਚ 138.30 ਕਰੋੜ ਦੀ ਬਿਜਲੀ ਸਬਸਿਡੀ ਮਿਲੀ ਹੈ। ਪੰਜਾਬ ਦੇ ਲਾਰਜ ਸਪਲਾਈ ਵਾਲੇ 9 ਹਜ਼ਾਰ ਸਨਅਤਾਂ ਨੂੰ ਮਿਲਦੀ ਸਬਸਿਡੀ ’ਚੋਂ ਟੌਪ ਦੇ 100 ਸਨਅਤਕਾਰਾਂ ਨੂੰ ਹੀ 500 ਕਰੋੜ ਦੀ ਸਬਸਿਡੀ ਮਿਲ ਜਾਂਦੀ ਹੈ। ਪਾਵਰਕੌਮ ਦੇ ਤੱਥਾਂ ਅਨੁਸਾਰ ਸਾਲ 2020-21 ਦੌਰਾਨ ਮੈਸਰਜ਼ ਪੰਜਾਬ ਐਲਕਲੀਜ਼ ਐਂਡ ਕੈਮੀਕਲਜ਼ ਨੂੰ 23.63 ਕਰੋੜ ਰੁਪਏ ਸਾਲਾਨਾ ਦੀ ਬਿਜਲੀ ਸਬਸਿਡੀ ਮਿਲੀ ਹੈ ਜਦੋਂ ਕਿ ਆਰਤੀ ਸਟੀਲਜ਼ ਨੂੰ 11.56 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਗਈ ਹੈ। ਨਾਹਰ ਗਰੁੱਪ ਦੇ ਕਈ ਕੁਨੈਕਸ਼ਨਾਂ ’ਤੇ ਕਰੋੜਾਂ ਦੀ ਸਬਸਿਡੀ ਦਿੱਤੀ ਗਈ ਹੈ। ਬਰਨਾਲਾ ਦੇ ਟਰਾਈਡੈਂਟ ਗਰੁੱਪ ਨੂੰ ਦੋ ਕੁਨੈਕਸ਼ਨਾਂ ’ਤੇ 6.52 ਕਰੋੋੜ ਦੀ ਬਿਜਲੀ ਸਬਸਿਡੀ ਦਿੱਤੀ ਗਈ ਹੈ ਜਦੋਂ ਕਿ ਬਠਿੰਡਾ ਜ਼ਿਲ੍ਹੇ ’ਚ ਪਿੰਡ ਜੀਦਾ ਲਾਗਲੀ ਸਪੋਰਟਕਿੰਗ ਸਨਅਤ ਨੂੰ 4.79 ਕਰੋੜ ਦੀ ਇੱਕੋ ਵਰ੍ਹੇ ’ਚ ਸਬਸਿਡੀ ਮਿਲੀ ਹੈ। ਹੁਸ਼ਿਆਰਪੁਰ ਵਿਚਲੀ ਮੈਸਰਜ਼ ਰਿਲਾਇੰਸ ਇੰਡਸਟਰੀਜ਼ ਲਿਮ. ਨੂੰ 2.45 ਕਰੋੜ ਦੀ ਸਬਸਿਡੀ ਦਿੱਤੀ ਗਈ ਹੈ ਜਦੋਂ ਕਿ ਬਠਿੰਡਾ ਰਿਫਾਈਨਰੀ ਨੂੰ 3.42 ਕਰੋੜ ਦੀ ਸਬਸਿਡੀ ਦਿੱਤੀ ਗਈ ਹੈ। ਨੈਸਲੇ ਇੰਡੀਆ ਨੂੰ 3.85 ਕਰੋੜ ਦੀ ਸਬਸਿਡੀ ਮਿਲੀ ਹੈ ਤੇ ਇਸੇ ਤਰ੍ਹਾਂ ਰੋਪੜ ਜ਼ਿਲ੍ਹੇ ਵਿਚਲੀ ਮੈਕਸ ਸਪੈਸ਼ਲਿਟੀ ਫਿਲਮਜ਼ ਨੂੰ 6.92 ਕਰੋੜ ਦੀ ਸਬਸਿਡੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਲਟ੍ਰਾਟੈੱਕ ਸੀਮਿੰਟ ਲਿਮ. ਨੂੰ 2.79 ਕਰੋੜ ਦੀ ਸਬਸਿਡੀ ਮਿਲਦੀ ਹੈ।
2020-21 ਦੇ ਸਨਅਤਕਾਰਾਂ ਦੀ ਸਬਸਿਡੀ ਦੇ ਵੇਰਵੇ
ਸਨਅਤ ਦਾ ਨਾਮ ਰਾਸ਼ੀ
ਪੰਜਾਬ ਐਲਕਲੀਜ਼ 23.63 ਕਰੋੜ
ਮਾਧਵ ਅਲਾਏਜ਼ 17.13 ਕਰੋੜ
ਵਰਧਮਾਨ ਗਰੁੱਪ 27.86 ਕਰੋੜ
ਨਾਹਰ ਗਰੁੱਪ 33.20 ਕਰੋੜ
ਆਰਤੀ ਸਟੀਲਜ਼ 11.56 ਕਰੋੜ
ਟਰਾਈਡੈਂਟ ਗਰੁੱਪ 6.52 ਕਰੋੜ
ਰਿਲਾਇੰਸ ਇੰਡਸਟਰੀਜ਼ 2.45 ਕਰੋੜ
ਇਕੱਲੇ ਕਿਸਾਨ ਦਾ ਢਿੰਡੋਰਾ ਕਿਉਂ: ਰਜਿੰਦਰ
ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਰਸੂਖਵਾਨਾਂ ਨੂੰ ਦਿੱਤੀ ਜਾਂਦੀ ਸਬਸਿਡੀ ਦੀ ਭਾਫ ਨਹੀਂ ਕੱਢਦੀ ਹੈ ਜਦੋਂ ਕਿ ਕਿਸਾਨਾਂ ਅਤੇ ਹੋਰ ਵਰਗਾਂ ਨੂੰ ਮਿਲਦੀ ਬਿਜਲੀ ਸਬਸਿਡੀ ਦਾ ਢੰਡੋਰਾ ਪਿਟਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਸੈਕਟਰ ਵਿਚ ਵੀ ਬਿਜਲੀ ਸਬਸਿਡੀ ਦਾ ਛੋਟਾ ਹਿੱਸਾ ਹੀ ਛੋਟੇ ਕਿਸਾਨਾਂ ਦੇ ਹਿੱਸੇ ਆਉਂਦਾ ਹੈ।