ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਐਲਾਨ ਮਗਰੋਂ ਹੁਣ ਲੋਕਾਂ ਦੀਆਂ ਨਜ਼ਰਾਂ ਉਨ੍ਹਾਂ ਹਲਕਿਆਂ ’ਤੇ ਟਿਕ ਗਈਆਂ ਹਨ, ਜਿਥੋਂ ਵੱਡੇ ਸਿਆਸੀ ਆਗੂ ਚੋਣ ਲੜ ਰਹੇ ਹਨ। ਇਸੇ ਤਹਿਤ ਅੰਮ੍ਰਿਤਸਰ ਦੇ ਤਿੰਨ ਵਿਧਾਨ ਸਭਾ ਹਲਕੇ ਅੰਮ੍ਰਿਤਸਰ ਪੂਰਬੀ, ਅੰਮ੍ਰਿਤਸਰ ਉਤਰੀ ਅਤੇ ਮਜੀਠਾ ਵਿਧਾਨ ਸਭਾ ਹਲਕਾ ਲੋਕਾਂ ਦੀ ਖਿੱਚ ਦਾ ਕੇਂਦਰ ਰਹਿਣਗੇ।
ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਇਸ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਧਾਇਕ ਹਨ ਅਤੇ ਉਹ ਮੁੜ ਇਸੇ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਸ੍ਰੀ ਸਿੱਧੂ ਤੋਂ ਪਹਿਲਾਂ ਇਸ ਹਲਕੇ ਤੋਂ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵਿਧਾਇਕ ਰਹਿ ਚੁੱਕੇ ਹਨ। ਉਹ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਕਈ ਵਾਰ ਸੰਸਦ ਮੈਂਬਰ ਵੀ ਚੁਣੇ ਜਾ ਚੁੱਕੇ ਹਨ। ਇਕ ਵਾਰ ਮੁੜ ਚੋਣ ਮੈਦਾਨ ਵਿੱਚ ਆਉਣ ਕਾਰਨ ਸਿੱਧੂ ਦੀ ਸਾਖ ਦਾਅ ’ਤੇ ਲੱਗ ਗਈ ਹੈ। ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਅਜਿਹਾ ਉਮੀਦਵਾਰ ਉਤਾਰੇ ਜਾਣ ਦੀ ਸੰਭਾਵਨਾ ਹੈ, ਜੋ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਟੱਕਰ ਦੇ ਸਕੇ। ਇਸ ਸਬੰਧੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਾਂ ਦੀ ਚਰਚਾ ਚੱਲ ਰਹੀ ਹੈ। ਬੀਤੇ ਦਿਨ ਇਥੇ ਆਏ ਸ੍ਰੀ ਮਜੀਠੀਆ ਨੇ ਇਸ ਸਬੰਧੀ ਸਵਾਲ ਦੇ ਜਵਾਬ ਵਿੱਚ ਇਸ ਹਲਕੇ ਤੋਂ ਸ੍ਰੀ ਸਿੱਧੂ ਖ਼ਿਲਾਫ਼ ਚੋਣ ਲੜਣ ਬਾਰੇ ਸਪੱਸ਼ਟ ਨਾਂਹ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਪਾਰਟੀ ਫ਼ੈਸਲਾ ਕਰੇਗੀ ਅਤੇ ਪਾਰਟੀ ਜੋ ਵੀ ਆਦੇਸ਼ ਦੇਵੇਗੀ, ਉਹ ਉਸ ਨੂੰ ਪ੍ਰਵਾਨ ਕਰਨਗੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਕੱਤਰ ਜਨਰਲ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਮਜੀਠੀਆ ਨੂੰ ਨਵਜੋਤ ਸਿੱਧੂ ਖ਼ਿਲਾਫ਼ ਚੋਣ ਲੜਾਉਣ ਦਾ ਮਾਮਲਾ ਫਿਲਹਾਲ ਪਾਰਟੀ ਪੱਧਰ ’ਤੇ ਨਹੀਂ ਵਿਚਾਰਿਆ ਗਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਤੱਕ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚੋਂ 9 ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਦੋਂਕਿ ਅੰਮ੍ਰਿਤਸਰ ਪੂਰਬੀ ਅਤੇ ਬਾਬਾ ਬਕਾਲਾ ਦੋ ਹਲਕਿਆਂ ਲਈ ਉਮੀਦਵਾਰਾਂ ਦੇ ਨਾਂ ਦਾ ਐਲਾਨ ਬਾਕੀ ਹੈ। ਜੇਕਰ ਇਸ ਹਲਕੇ ਵਿੱਚ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਵਿਚਾਲੇ ਚੋਣ ਟੱਕਰ ਹੁੰਦੀ ਹੈ ਤਾਂ ਇਹ ਪੰਜਾਬ ਦਾ ਸਭ ਤੋਂ ਵਧੇਰੇ ਖਿੱਚ ਵਾਲਾ ਵਿਧਾਨ ਸਭਾ ਹਲਕਾ ਹੋਵੇਗਾ। ਦੋਵੇਂ ਹੀ ਸਿਆਸੀ ਆਗੂ ਹੁਣ ਤੱਕ ਕੋਈ ਵੀ ਚੋਣ ਨਹੀਂ ਹਾਰੇ ਹਨ। ਇਸ ਦੌਰਾਨ ‘ਆਪ’ ਵੱਲੋਂ ਇਸ ਹਲਕੇ ਤੋਂ ਜ਼ਿਲ੍ਹਾ ਪ੍ਰਧਾਨ ਜੀਵਨਜੋਤ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ ਅਤੇ ਭਾਜਪਾ ਵੱਲੋਂ ਫਿਲਹਾਲ ਉਮੀਦਵਾਰ ਦਾ ਐਲਾਨ ਨਹੀਂ ਹੋਇਆ।
ਮਜੀਠਾ ਵਿਧਾਨ ਸਭਾ ਹਲਕਾ ਵੀ ਇਸ ਵਾਰ ਖਿੱਚ ਦਾ ਕੇਂਦਰ ਰਹੇਗਾ। ਇਸ ਹਲਕੇ ਵਿੱਚੋਂ ਬਿਕਰਮ ਸਿੰਘ ਮਜੀਠੀਆ 2007, 2012, 2017 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਿਰੰਤਰ ਜੇਤੂ ਰਹੇ ਹਨ। 2017 ਵਿਧਾਨ ਸਭਾ ਚੋਣਾਂ ਵਿੱਚ ਜ਼ਿਲ੍ਹੇ ਦੇ ਕੁੱਲ 11 ਵਿਧਾਨ ਸਭਾ ਹਲਕਿਆਂ ਵਿੱਚੋਂ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ 10 ਹਲਕਿਆਂ ਵਿੱਚੋਂ ਹਾਰ ਗਏ ਸਨ, ਸਿਰਫ ਮਜੀਠਾ ਹਲਕੇ ਵਿੱਚੋਂ ਹੀ ਬਤੌਰ ਅਕਾਲੀ ਉਮੀਦਵਾਰ ਮਜੀਠੀਆ ਜਿੱਤੇ ਸਨ। ਹੁਣ ਇਸ ਹਲਕੇ ਵਿੱਚ ਦੋ ਭਰਾ ਵੀ ਆਹਮੋ ਸਾਹਮਣੇ ਹਨ, ਜਿਨ੍ਹਾਂ ਵਿੱਚ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ‘ਆਪ’ ਉਮੀਦਵਾਰ ਵਜੋਂ ਅਤੇ ਉਨ੍ਹਾਂ ਦਾ ਭਰਾ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਸ੍ਰੀ ਲਾਲੀ ਮਜੀਠੀਆ ਪਹਿਲਾਂ ਇਸੇ ਹਲਕੇ ਵਿੱਚੋਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਵੀ ਚੋਣ ਲੜ ਚੁੱਕੇ ਹਨ। ਇਸੇ ਤਰ੍ਹਾਂ ਤੀਜਾ ਹਲਕਾ ਅੰਮ੍ਰਿਤਸਰ ਉਤਰੀ ਹੈ, ਜਿਥੋਂ ਸਾਬਕਾ ਆਈਜੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਚੋਣ ਲੜ ਰਹੇ ਹਨ। ਉਨ੍ਹਾਂ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਅਨਿਲ ਜੋਸ਼ੀ ਹਨ, ਜੋ ਪਹਿਲਾਂ ਦੋ ਵਾਰ ਇਸੇ ਹਲਕੇ ਤੋਂ ਚੋਣ ਲੜ ਚੁੱਕੇ ਹਨ। ਉਹ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਕਾਂਗਰਸ ਵੱਲੋਂ ਇਥੋਂ ਵਿਧਾਇਕ ਸੁਨੀਲ ਦੱਤੀ ਨੂੰ ਮੁੜ ਉਮੀਦਵਾਰ ਬਣਾਇਆ ਗਿਆ ਹੈ।