ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਮਈ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰੋੜਾਂ ਰੁਪਏ ਦਾਨ ਦੇਣ ਦੇ ਮਾਮਲੇ ਵਿੱਚ ਵਿਵਾਦ ਦਾ ਵਿਸ਼ਾ ਬਣੇ ਅਮਿਤਾਭ ਬੱਚਨ ਦਾ ਨਵੰਬਰ 2011 ਵਿੱਚ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਨੂੰ ਭੇਜਿਆ ਪੱਤਰ ਸੋਸ਼ਲ ਮੀਡੀਆ ’ਤੇ ਮੁੜ ਵਾਇਰਲ ਹੋ ਗਿਆ ਹੈ। ਪੱਤਰ ਵਿੱਚ ਉਸ ਨੇ ਸਿੱਖ ਕਤਲੇਆਮ ਬਾਰੇ ਲੱਗ ਰਹੇ ਦੋਸ਼ਾਂ ਦਾ ਸਪੱਸ਼ਟੀਕਰਨ ਦਿੱਤਾ ਸੀ। ਅੱਜ ਅਕਾਲ ਤਖ਼ਤ ’ਤੇ ਕੁੱਝ ਹੋਰ ਪੱਤਰ ਪੁੱਜੇ ਹਨ, ਜਿਨ੍ਹਾਂ ਵਿਚ ਅਦਾਕਾਰ ਵੱਲੋਂ ਦਿੱਤੇ ਗਏ ਦੋ ਕਰੋੜ ਰੁਪਏ ਨੂੰ ਸਵੀਕਾਰਨਾ ਜਾਇਜ਼ ਦੱਸਿਆ ਗਿਆ ਹੈ। ਇਸ ਸਬੰਧੀ ਅੱਜ ਸ਼ਹੀਦ ਕੇਹਰ ਸਿੰਘ ਦੇ ਬੇਟੇ ਚਰਨਜੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐੱਸਸੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਚੰਨਣ ਸਿੰਘ ਜੋਧਪੁਰੀ ਨੇ ਅਕਾਲ ਤਖ਼ਤ ’ਤੇ ਵੱਖ-ਵੱਖ ਪੱਤਰ ਸੌਂਪ ਕੇ ਦਿੱਲੀ ਕਮੇਟੀ ਦੇ ਮਨੁੱਖਤਾ ਦੀ ਭਲਾਈ ਸਬੰਧੀ ਕੰਮਾਂ ਵਿਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਸਿੱਖ ਕਤਲੇਆਮ ਦੇ ਪੀੜਤ ਬਾਬੂ ਸਿੰਘ ਦੁਖੀਆ, ਨਿਰਪ੍ਰੀਤ ਕੌਰ ਅਤੇ ਹੋਰਨਾਂ ਵੱਲੋਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਵੱਲੋਂ ਅਮਿਤਾਭ ਬੱਚਨ ਕੋਲੋਂ ਮਾਇਕ ਮਦਦ ਲੈਣ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ’ਤੇ ਅੱਜ ਵਾਇਰਲ ਹੋਏ ਅਮਿਤਾਭ ਬੱਚਨ ਦੇ ਪੁਰਾਣੇ ਪੱਤਰ ਵਿਚ ਉਸ ਨੇ ਸਿੱਖ ਕਤਲੇਆਮ ਸਬੰਧੀ ਲੱਗ ਰਹੇ ਦੋਸ਼ ਨਕਾਰੇ ਅਤੇ ਬੇਬੁਨਿਆਦ ਕਰਾਰ ਦਿੱਤੇ ਹਨ। ਉਸ ਨੇ ਇਹ ਪੱਤਰ 28 ਨਵੰਬਰ 2011 ਨੂੰ ਮੁੰਬਈ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਬਾਵਾ ਰਾਹੀਂ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਨੂੰ ਭੇਜਿਆ ਸੀ। ਉਸ ਵੇਲੇ ਉਸ ਨੂੰ ਆਨੰਦਪੁਰ ਸਾਹਿਬ ’ਚ ਬਣੇ ਖਾਲਸਾ ਹੈਰੀਟੇਜ ਦੇ ਉਦਘਾਟਨ ਵੇਲੇ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ ਸੀ ਪਰ ਉਸ ਵੇਲੇ ਵੀ ਸਿੱਖ ਕਤਲੇਆਮ ਬਾਰੇ ਲੱਗ ਰਹੇ ਦੋਸ਼ਾਂ ਕਾਰਨ ਉਹ ਉਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਨਹੀਂ ਆਇਆ ਸੀ, ਜਿਸ ਦਾ ਜ਼ਿਕਰ ਉਸ ਨੇ ਇਸ ਪੱਤਰ ਵਿਚ ਵੀ ਕੀਤਾ ਹੈ। ਪੱਤਰ ਵਿੱਚ ਉਸ ਨੇ ਆਪਣੇ ਪਰਿਵਾਰ ਦੇ ਸਿੱਖ ਪਿਛੋਕੜ ਦਾ ਵੀ ਜ਼ਿਕਰ ਕੀਤਾ। ਉਸ ਨੇ ਲਿਖਿਆ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਗਾਂਧੀ ਪਰਿਵਾਰ ਨਾਲ ਉਸ ਦੇ ਪੁਰਾਣੇ ਪਰਿਵਾਰਕ ਸਬੰਧ ਹਨ ਪਰ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਉਹ ਕਦੇ ਸੋਚ ਵੀ ਨਹੀਂ ਸਕਦਾ। ਉਸ ਨੇ ਕਿਹਾ ਕਿ ਉਹ ਅਸੂਲਾਂ ਦਾ ਪੱਕਾ ਹੈ ਅਤੇ ਜੇ ਕੋਈ ਗਲਤੀ ਹੋ ਜਾਵੇ ਤਾਂ ਉਸ ਨੂੰ ਸਵੀਕਾਰ ਵੀ ਕਰਦਾ ਹੈ ਪਰ ਇਹ ਸਾਰੇ ਦੋਸ਼ ਬੇਬੁਨਿਆਦ ਹਨ।