ਐੱਨਪੀ ਧਵਨ
ਪਠਾਨਕੋਟ, 16 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਸਰਹੱਦੀ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਵਿਧਾਨ ਸਭਾ ਹਲਕੇ ਅੰਦਰ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਰਾਜ ਕੁਮਾਰ ਗੁਪਤਾ ਦੇ ਹੱਕ ਵਿੱਚ ਇੱਕ ਚੋਣ ਰੈਲੀ ਕੀਤੀ। ਪਠਾਨਕੋਟ ਵਿੱਚ ਟੈਂਕ ਚੌਕ ਵਿੱਚ ਪੁੱਜਣ ’ਤੇ ਉਨ੍ਹਾਂ ਉਥੇ ਸ਼ਹੀਦ ਸੈਨਿਕਾਂ ਦੇ ਬੁੱਤਾਂ ’ਤੇ ਹਾਰ ਪਾ ਕੇ ਸ਼ਰਧਾਂਜਲੀ ਦਿੱਤੀ।
ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਵੀ ਇਸ ਮਹੀਨੇ 2 ਦਸੰਬਰ ਨੂੰ ਪਠਾਨਕੋਟ ਵਿੱਚ ਸ਼ਹੀਦਾਂ ਨੂੰ ਸਮਰਪਿਤ ਤਿਰੰਗਾ ਯਾਤਰਾ ਕੱਢੀ ਸੀ। ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਸੁਖਬੀਰ ਬਾਦਲ ਨੇ ਟੈਂਕ ਚੌਕ ਤੋਂ ਮੋਟਰਸਾਈਕਲ ਸਵਾਰਾਂ ਨਾਲ ਰੋਡ ਸ਼ੋਅ ਕੱਢਿਆ, ਜੋ ਕਿ ਸੁਜਾਨਪੁਰ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਬਿਜਲੀ ਗਰਾਊਂਡ ਵਿੱਚ ਰੈਲੀ ਵਾਲੀ ਜਗ੍ਹਾ ਪੁੱਜ ਕੇ ਸਮਾਪਤ ਹੋਇਆ। ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਇੱਕੋ-ਇੱਕ ਪਾਰਟੀ ਹੈ, ਜੋ ਖੁਦ ਫ਼ੈਸਲੇ ਲੈਂਦੀ ਹੈ, ਜਦਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਦਿੱਲੀ ਦੀ ਹਾਈਕਮਾਂਡ ਵੱਲ ਦੇਖਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਾਲਾ ਇਤਿਹਾਸ ਦੁਹਰਾਏਗਾ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਹਰਾਏਗਾ।
ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੱਕੇ ਵਚਨ ਕਰਨ ਵਾਲੀ ਪਾਰਟੀ ਹੈ। ਉਨ੍ਹਾਂ ਮੈਨੀਫੈਸਟੋ ਨੂੰ ਦੁਹਰਾਉਂਦਿਆਂ ਕਿਹਾ ਕਿ ਉਹ ਨਾ ਤਾਂ ਸਹੁੰ ਖਾਣਗੇ ਅਤੇ ਨਾ ਹੀ ਕੋਈ ਫਾਰਮ ਭਰਵਾਉਣਗੇ, ਬਲਕਿ ਜੋ ਵਾਅਦੇ ਕਰਨਗੇ, ਉਹ ਸੱਤਾ ਵਿੱਚ ਆਉਣ ’ਤੇ ਪੂਰੇ ਕਰਨਗੇ। ਰੈਲੀ ਨੂੰ ਸਾਬਕਾ ਮੰਤਰੀ ਸੁਨੀਲ ਜੋਸ਼ੀ, ਜ਼ਿਲ੍ਹਾ ਆਬਜ਼ਰਵਰ ਗੁਰਬਚਨ ਸਿੰਘ ਬੱਬੇਹਾਲੀ ਤੇ ਉਮੀਦਵਾਰ ਰਾਜ ਕੁਮਾਰ ਗੁਪਤਾ ਨੇ ਵੀ ਸੰਬੋਧਨ ਕੀਤਾ। ਇਸ ਮਗਰੋਂ ਸੁਖਬੀਰ ਸਿੰਘ ਬਾਦਲ ਸ਼ਾਹਪੁਰਕੰਡੀ ਦੇ ਸ਼ਾਰਦਾ ਮੰਦਰ ਵੀ ਗਏ।
ਛੋਟੇਪੁਰ ਦੇ ਹੱਕ ’ਚ ਚੋਣ ਪ੍ਰਚਾਰ
ਧਾਰੀਵਾਲ (ਸੁੱਚਾ ਸਿੰਘ ਪਸਨਾਵਲ): ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੋਂ ਨੇੜਲੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿੱਚ ਅਕਾਲੀ ਦਲ ਯੂਥ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਮਨਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਹਲਕਾ ਬਟਾਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੇ ਹੱਕ ਵਿੱਚ ਲਾਮਬੰਦ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਪੰਜ ਸਾਲਾਂ ਵਿੱਚ ਪੰਜਾਬ ਅੰਦਰ ਧੱਕੇਸ਼ਾਹੀਆਂ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਇਸ ਲਈ ਪੰਜਾਬ ਵਾਸੀ ਇਸ ਵਾਰ ਕਾਂਗਰਸ ਦੇ ਝਾਂਸੇ ਵਿੱਚ ਨਹੀਂ ਆਉਣਗੇ। ਸੁਖਬੀਰ ਨੇ ਕਿਹਾ ਕਿ ਭਾਜਪਾ ਦਾ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਖਾਤਾ ਵੀ ਨਹੀਂ ਖੁੱਲ੍ਹਣਾ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਮਾਲਵੇ ਵਿੱਚ 65 ਸੀਟਾਂ ਵਿੱਚੋਂ ਮਸਾਂ ਪੰਜ ਕੁ ਸੀਟਾਂ ਹੀ ਜਿੱਤੇਗੀ।