ਬੀ ਐਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 27 ਸਤੰਬਰ
ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਹਿੰਦੂ-ਸਿੱਖ ਭਾਈਚਾਰਕ ਏਕਤਾ ਦਾ ਸੁਨੇਹਾ ਦੇਣ ਵਾਲੇ ਤੇ 23 ਸਾਲ ਪੁਰਾਣੇ ਅਕਾਲੀ-ਭਾਜਪਾ ਗੱਠਜੋੜ ਨੂੰ ਹੋਂਦ ’ਚ ਲਿਆਉਣ ਵਾਲੇ ਬਾਨੀਆਂ ਸਣੇ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਅਣਗੌਲਿਆ ਕਰਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮਝੌਤਾ ਤੋੜਨ ਦਾ ਫ਼ੈਸਲਾ ਲੈ ਕੇ ਇਤਿਹਾਸਕ ਭੁੱਲ ਕੀਤੀ ਹੈ ਜਿਸ ਕਰਕੇ ਹੁਣ ਸੁਖਬੀਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਿਘਾਰ ਤਕ ਲੈ ਜਾਣ ਵਾਲਿਆਂ ਕਰਕੇ ਜਾਣਿਆ ਜਾਵੇਗਾ।
ਸ੍ਰੀ ਮਿੱਤਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਗੱਠਜੋੜ ਦੇ ਬਾਨੀਆਂ ਵਿੱਚੋਂ ਜਾਣੇ ਜਾਂਦੇ ਹਨ ਪਰ ਇਸ ਇਤਿਹਾਸਿਕ ਗੱਠਜੋੜ ਨੂੰ ਤੋੜਨ ਲੱਗਿਆਂ ਪ੍ਰਕਾਸ਼ ਸਿੰਘ ਬਾਦਲ ਦੀ ਵੀ ਰਾਏ ਨਹੀਂ ਲਈ ਗਈ। ਇਸ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਜਥੇਦਾਰ ਤੋਤਾ ਸਿੰਘ, ਨਿਰਮਲ ਸਿੰਘ ਕਾਹਲੋਂ ਵਰਗੇ ਤਜਰਬੇਕਾਰ ਅਕਾਲੀਆਂ ਨੂੰ ਵੀ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਗਿਆ। ਸੂਬੇ ’ਚ ਹੁਣ ਭਾਰਤੀ ਜਨਤਾ ਪਾਰਟੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਇੱਕ ਸੌ ਸਤਾਰਾਂ ਸੀਟਾਂ ’ਤੇ ਵਿਧਾਨ ਸਭਾ ਚੋਣਾਂ ਹੀ ਨਹੀਂ ਲੜੇਗੀ ਬਲਕਿ ਪੰਜਾਬ ਦੀ ਤਰੱਕੀ ਤੇ ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰਨ ਲਈ ਡਟ ਕੇ ਪਹਿਰਾ ਦੇਵੇਗੀ ਤਾਂ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਖੁਸ਼ਹਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਹੀ ਪਾਰਟੀ ਇਸ ਸੂਬਾਈ ਸਿਆਸੀ ਸਮੀਕਰਨ ਨੂੰ ਕੋਰ ਕਮੇਟੀ ਵਿੱਚ ਵਿਚਾਰ ਕੇ ਹਾਈਕਮਾਂਡ ਕੋਲ ਲਿਜਾਏਗੀ।