ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 30 ਮਈ
ਇੱਥੋਂ ਦੇ ਸਿੱਧੂ ਐਵੇਨਿਊ ਵਿੱਚ ਸਥਿਤ ਸੰਤ ਡੇਅ ਬੋਰਡਿੰਗ ਸਕੂਲ ਦੇ ਪਿਛਲੇ ਗੇਟ ਅੱਗੇ ਦਸਵੀਂ ਕਲਾਸ ਦੇ ਵਿਦਿਆਰਥੀ ’ਤੇ ਤਿੰਨ ਅਣਪਛਾਤੇ ਐਕਟਿਵਾ ਸਵਾਰਾਂ ਨੇ ਦਾਤਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਿਆ। ਵਿਦਿਆਰਥੀ ਆਪਣੀਆਂ ਦੋ ਭੈਣਾਂ ਨਾਲ ਐਕਟਿਵਾ ’ਤੇ ਸਕੂਲ ਪੁੱਜਿਆ ਹੀ ਸੀ ਕਿ ਪਿੱਛੋਂ ਇੱਕ ਹੋਰ ਐਕਟਿਵਾ ’ਤੇ ਮੂੰਹ ਢੱਕ ਕੇ ਆਏ ਤਿੰਨ ਅਣਪਛਾਤੇ ਨੌਜਵਾਨਾਂ ਨੇ ਪਿੱਛੋਂ ਉਸ ਦੀ ਧੌਣ ’ਤੇ ਦਾਤਰ ਨਾਲ ਵਾਰ ਕਰ ਦਿੱਤਾ। ਪੀੜਤ ਵਿਦਿਆਰਥੀ ਅੰਮ੍ਰਿਤਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 2 ਦੇ ਕੌਂਸਲਰ ਹਰਜਿੰਦਰ ਸਿੰਘ ਬ੍ਰਾਹਮਣ ਦਾ ਭਤੀਜਾ ਹੈ ਅਤੇ ਦਸਵੀਂ ਕਲਾਸ ਦਾ ਵਿਦਿਆਰਥੀ ਹੈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਨ੍ਹਾਂ ਤੁਰੰਤ ਜ਼ਖ਼ਮੀ ਅੰਮ੍ਰਿਤਪਾਲ ਸਿੰਘ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮਾਨਾਂਵਾਲਾ ਭਰਤੀ ਕਰਵਾਇਆ। ਉਨ੍ਹਾਂ ਘਟਨਾ ਦੀ ਜਾਣਕਾਰੀ ਪੁਲੀਸ ਥਾਣਾ ਜੰਡਿਆਲਾ ਗੁਰੂ ਵਿੱਚ ਦਿੱਤੀ। ਥਾਣਾ ਜੰਡਿਆਲਾ ਗੁਰੂ ਦੇ ਐੱਸਐੱਚਓ ਸ਼ਮਸ਼ੇਰ ਸਿੰਘ ਨੇ ਕਿਹਾ ਉਹ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਅਤੇ ਜਾਂਚ ਪੜਤਾਲ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।